ਗ਼ਜ਼ਲ
ਕਾਕਾ ਗਿੱਲ
ਜਿੰਦਗੀ ਛਿਟੀਆਂ ਦਾ ਝੋਕਾ ਅੱਗ ਮੱਚਦੀ ਨਹੀਂ ਇਹ ਧੁਖਦੀ ਰਹੀ।
ਫੂਕਾਂ ਮਾਰ ਚੁੱਕੇ ਯਾਰ ਹਮਦਰਦੀ ਦੀਆਂ ਇਹ ਲਾਟ ਤੋਂ ਬਿਨਾਂ ਸੁਲਗਦੀ ਨਹੀਂ।
ਹੱਥ ਸੇਕਣ ਵਾਲੇ ਮਤਲਬੀ ਅਨੇਕਾਂ ਭਰ ਭਰ ਜਾਮ ਤੇਲ ਲਿਆਏ
ਪਰ ਸਭਦੇ ਸਵਾਰਥ ਦੇਖਕੇ ਪਾਪੀ ਲਾਂਬੂ ਨਾ ਨਿੱਕਲੇ ਇਹ ਸੰਗਦੀ ਰਹੀ।
ਨਿਰਾਸ਼ ਹੋਕੇ ਗਏ ਸਾਰੇ ਚਾਹੁਣ ਵਾਲੇ ਆਸ਼ਾਵਾਂ ਤੇ ਬਿਜਲੀ ਡਿੱਗ ਪਈ
ਇਕੱਲੀ ਬੈਠੀ ਬੀਤੇ ਵਰ੍ਹਿਆਂ ਦੇ ਠੀਕਰ ਪੋਟਿਆਂ ਨਾਲ ਚੁਗਦੀ ਰਹੀ।
ਕਦੇ ਸੂਰਜ ਨੂੰ ਮਾਤ ਪਾਉਂਦੀ ਸੀ ਹੁਣ ਹਨੇਰੇ ਵਿੱਚ ਲੁਕੀ ਬੈਠੀ
ਕੁੰਦਨ ਵਰਗੀ ਦੇਹ ਉੱਤੇ ਲੱਗੇ ਜ਼ਖ਼ਮਾਂ ਤੇ ਫਹੇ ਲਾਉਂਦੀ ਰਹੀ।
ਕਿਨਾਰਿਓਂ ਉੱਚੀਆਂ ਲਹਿਰਾਂ ਉੱਠਣ ਬਹੁਤ ਕੁਝ ਗੁਆ ਕੇ ਮੁੜਦੀਆਂ
ਇਹ ਵੀ ਗੁਆਏ ਕੱਲ ਨੂੰ ਅੱਜ ਦੀ ਕੁੱਖ ਵਿੱਚੋਂ ਲੱਭਦੀ ਰਹੀ।
ਹਿਜਰ ਦੇ ਤੁਫ਼ਾਨ ਵਿੱਚ ਉੱਡ ਗਏ ਮੂੰਹ ਦੀ ਰੌਣਕ ਦੇ ਕਾਨੇ
ਅੱਖਾਂ ਵਿੱਚ ਹੰਝੂ ਪਾਉਂਦੇ ਦੁਹਾਈਆਂ ਚੀਸਾਂ ਨਾਲ ਭੈੜੀ ਤੜਫਦੀ ਰਹੀ।
ਇਹ ਬਾਸੀ ਹੋ ਗਈ ਹੈ ਦੇਖਣ ਨੂੰ ਲਗਦਾ ਕਿ ਮੋ ਗਈ ਹੈ
ਆਖਰੀ ਸਾਹ ਅਟਕ ਗਏ ਸ਼ਾਇਦ ਧੂੰਆਂ ਧਾਰ ਫ਼ਿਜ਼ਾ ਕਰਦੀ ਰਹੀ।