ਕਈ ਸਿਆਣੇ ਹਨ ਜੋ ਉੱਚ ਕੋਟੀ ਦੇ ਸ਼ਬਦ ਨਿੱਤ ਉਚਾਰਦੇ।
ਸਰਬੱਤ ਦੇ ਭਲੇ ਲਈ ਕਈ ਅੰਮ੍ਰਿਤ ਵੇਲੇ ਰੱਬ ਨੂੰ ਪੁਕਾਰਦੇ।
ਇਸ ਦੁਨੀਆਂ ਵਿਚ ਕੋਈ ਵੀ ਦਿਨ ਐਸਾ ਨਹੀਂ ਆਉਂਦਾ,
ਜਿਸ ਦਿਨ ਲੋਕ ਹੋਰ ਲੋਕਾਂ ਦੇ ਕੰਮ ਨਹੀਂ ਸਵਾਰਦੇ।
ਇੱਕੀਵੀਂ ਸਦੀ ਵਿਚ ਵੀ ਹਨ ਐਸੇ ਜੋ ਦੂਜਿਆਂ ਲਈ,
ਜੰਗ ਦੇ ਮੈਦਾਨ ਵਿਚ ਆਪਣੀਆਂ ਜਾਨਾਂ ਹਨ ਵਾਰਦੇ।
ਜ਼ਮਾਨਾ ਬਹੁਤ ਜ਼ਿਆਦਾ ਬਦਲ ਚੁੱਕਾ ਹੈ, ਫਿਰ ਵੀ,
ਬੜੇ ਲੋਕ ਹਨ ਜੋ ਨੇਕੀ ਕਰਕੇ ਫੜ੍ਹਾਂ ਨਹੀਂ ਮਾਰਦੇ।
ਹਾਂ, ਦੁਨੀਆਂ ਵਿਚ ਕੋਈ ਦਿਨ ਐਸਾ ਵੀ ਨਹੀਂ ਆਉਂਦਾ,
ਜਿਸ ਦਿਨ ਬਹੁਤ ਸਾਰੇ ਲੋਕ ਦੁਖ ਨਹੀਂ ਸਹਾਰਦੇ।
ਅਜੇ ਵੀ ਹਨ ਕਈ ਐਸੇ ਜੋ ਰਜ਼ਾ ਵਿਚ ਰਹਿ ਲੈਂਦੇ ਹਨ,
ਜੋ ਸੁਖ ਨੂੰ ਸੁਖ ਨਹੀਂ ਤੇ ਦੁਖ ਨੂੰ ਦੁਖ ਨਹੀਂ ਵਿਚਾਰਦੇ।
ਭਵ-ਸਾਗਰ ਦੇ ਵਿਚ ਤਾਰੀ ਉਹ ਹੀ ਲਾਉਂਦੇ ਹਨ,
ਜੋ ਹੋਰ ਡੁੱਬਣ ਵਾਲਿਆਂ ਨੂੰ ਵੀ ਹੱਥ ਦੇ ਕੇ ਉਭਾਰਦੇ।
|