ਬਹੁਤ ਚਿਰ ਮਗਰੋਂ ਇੱਕ ਨਵੀ ਗ਼ਜ਼ਲ ਨਾਲ ਹਾਜ਼ਰੀ ਲਗਵਾ ਰਿਹਾਂ , ਆਸ ਹੈ ਆਪ ਸਭ ਪਰਵਾਣ ਕਰੋਗੇ //
ਬਹਿਰ - 'ਰਮਲ' ਮਸੱਮਨ ਮਹਿਜ਼ੂਫ਼
ਮਤਲਬੀ, ਮੱਕਾਰ ਅੱਜ ਇਨਸਾਨ ਹੂੰਦਾ ਜਾ ਰਿਹੈ //
ਝੂਠ ਨਈ ਜੇ ਮੈਂ ਕਹਾਂ ਸ਼ੈਤਾਨ ਹੂੰਦਾ ਜਾ ਰਿਹੈ /
ਭਗਤ ਥੋੜੇ, ਇਸ਼ਟ ਬਹੁਤੇ, ਦੇਸ਼ ਦਾ ਹੈ ਹਾਲ ਇਹ ,
ਹਰਿਕ ਬੰਦਾ ਹੁਣ ਖ਼ੁਦਾ - ਭਗਵਾਨ ਹੂੰਦਾ ਜਾ ਰਿਹੈ /
'ਮੈਂ ਤੇਰੀ ਖ਼ਾਤਿਰ ਬਹੁਤ ਕੀਤਾ ਏ ' ਮੈਨੂੰ ਉਹ ਕਹੇ ,
ਇਸ਼ਕ ਵਿੱਚ ਵੀ ਦੋਸਤਾ ਅਹਿਸਾਨ ਹੂੰਦਾ ਜਾ ਰਿਹੈ /
ਧਰਤ ਜਿਨਾਂ ਝੁੱਕ ਗਿਆ ਮੈਂ ਯਾਰ ਜਿਸਦੇ ਵਾਸਤੇ ,
ਓਹੀ ਮੇਰੇ ਵਾਸਤੇ ਅਸਮਾਨ ਹੂੰਦਾ ਜਾ ਰਿਹੈ /
ਯਾਰ ਦੇ ਤੋਹਫ਼ੇ - ਤਸੀਹੇ ਸਹਿ ਰਿਹਾ ਹੈ ਦਿਲ ਮੇਰਾ ,
ਇਸ ਤਰਾਂ ਵੀ "ਰੂਪ" ਅੱਜ ਧਨਵਾਨ ਹੂੰਦਾ ਜਾ ਰਿਹੈ /
ਘੇਰਿਆ ਮਜ਼ਬੂਰੀਆਂ ਨੇ ਇਸ ਤਰਾਂ ਕੁੱਝ "ਰੂਪ" ਨੂੰ ,
ਅਪਣੇ ਘਰ ਵਿੱਚ ਹੁਣ ਉਹ ਖ਼ੁਦ ਮਹਿਮਾਨ ਹੂੰਦਾ ਜਾ ਰਿਹੈ /