ਉਹ ਜਦੋਂ ਮੈਨੂੰ ਮਿਲ ਸਕਦੀ ਸੀ,
ਉਹ ਜਦੋਂ ਮੇਰੀ ਹੋਣਾ ਲੋਚਦੀ ਸੀ
ਓਦੋਂ ਮੈਨੂੰ ਲਗਦਾ ਸੀ,
ਉਹ ਮੇਰੀ ਕੁੱਝ ਨਹੀਂ ਲਗਦੀ।
ਬੱਸ ਜਾਣ ਪਛਾਣ ਹੈ,
ਓਪਰੀ ਜਿਹੀ।
ਪਰ ਹੁਣ
ਜਦ ਉਹ ਬੇਗਾਨੇ ਵੱਸ ਪੈ
ਬੇਗਾਨੀ ਹੋ ਗਈ ਹੈ।
ਕਿਸੇ ਹੋਰ ਦੇ ਘਰ ਦਾ ਸ਼ਿੰਗਾਰ ਬਣ ਗਈ ਹੈ।
ਪਤਾ ਨਹੀਂ ਕਿਉਂ ਮਹਿਸੂਸ ਹੋਣ ਲੱਗਾ ਹੈ,
ਉਹ ਮੇਰਾ ਸਭ ਕੁੱਝ ਸੀ, ਉਸਦੇ ਜਾਣ ਮਗਰੋਂ
ਜ਼ਿੰਦਗੀ ਬੇਰੰਗ ਜਿਹੀ ਹੋ ਗਈ।
ਉਹਦੀ ਸਾਂਵਲੀ ਸੂਰਤ
ਤੇ ਮਨ ਮੋਹ ਲੈਣ ਵਾਲੀ ਸੀਰਤ
ਦੇ ਨਕਸ਼
ਮੇਰੇ ਜ਼ਿਹਨ ਦੇ ਕਨਵੈਸ ਤੋਂ
ਮਿਟਾਏ ਨਹੀਂ ਮਿਟਦੇ।
ਸਮੇਂ ਦੇ ਗੁਜ਼ਰਦਿਆਂ,
ਹੋਰ ਗੂੜ੍ਹੇ ਹੁੰਦੇ ਜਾ ਰਹੇ ਨੇ।
ਓਸ ਦੇ ਜਾਣ ਨਾਲ
ਪੈਦਾ ਹੋਇਆ ਸੱਖਣਾਪਨ
ਭਰ ਦੇਣਾ
ਕਿਸੇ ਹੋਰ ਦੇ
ਵੱਸ ਦਾ ਰੋਗ ਨਹੀਂ ਲਗਦਾ।
ਉਸ ਚੰਦਰੀ ਨੂੰ
ਜਿੰਨਾਂ ਭੁੱਲਣਾ ਚਾਹੁੰਦਾ ਹਾਂ,
ਉਹ ਹੋਰ ਚੇਤੇ ਆਉਂਦੀ ਹੈ।
ਉਸ ਦੀ ਅਣਕਹੀ ਮੁਹੱਬਤ
ਦਾ ਅਹਿਸਾਸ
ਕਦੇ ਕਦੇ ਤਨਹਾ ਬੈਠੇ ਨੂੰ
ਬਹੁਤ ਰੁਆਉਂਦਾ ਹੈ।
ਜਿੰਦਗੀ ਦਾ ਸੱਖਣਾਪਨ
ਖਾਣ ਨੂੰ ਆਉਂਦਾ ਹੈ।
ਫੇਰ ਉਹਦੀਆਂ ਯਾਦਾਂ
ਮੇਰੇ ਅੱਥਰੂ ਪੂੰਝਦੀਆਂ ਨੇ,
ਵਰਾਉਂਦੀਆਂ ਨੇ।
ਸਮਝਾਉਂਦੀਆਂ ਨੇ
ਕਿ ਬੱਸ ਕਰ ਝੱਲਿਆ,
ਲੰਘਿਆ ਵੇਲਾ ਕਦੇ ਮੁੜ ਕੇ ਨਹੀਂ ਆਉਂਦਾ।
!*ਹਰਮੇਲ ਪਰੀਤ*!
|