ਮੇਰੇ ਦਿਲ ਦੇ ਸੁੱਕੇ ਪਰਬਤ 'ਚੋਂ
ਤਿਰੇ ਵਿਛ੍ਹੜਨ ਦੀ ਤੜਫ ਦਾ ਲਾਵਾ
ਮੇਰੀ ਛਾੱਤੀ 'ਚੋ ਸੰਨ ਲਾ ਚੋਰਾਂ ਵਾਂਗਰ
ਮੇਰਿਆ ਨੈਣਾ 'ਚੋਂ ਵਹਿ ਤੁਰਿਆ |
ਮੇਰੀ ਸੁੰਨ ਹੋ ਚੁੱਕੀ ਰੂਹ ਨੂੰ
ਉਸ ਫੇਰ ਝੰਜੋੜ ਦਿੱਤਾ |
ਤੇਰੀ ਜੁਦਾਈ ਨੇ ਤਾ ਮੇਰੀ ਰੂਹ ਤੇ
ਐਸੇ ਫੱਟ ਲਾਏ,
ਕਿ ਮੈਨੂੰ ਆਪਣਾ ਵਜੂਦ ਮਿੱਟੀ ਹੁੰਦਾ ਲੱਗਾ ,
ਮੈਂ ਤੇਰੀਆਂ ਯਾਦਾਂ ਨੂੰ ਸਾਂਭੀ ਤੇਰੇ ਰਾਹਾਂ ਚ ਖੜਾ,
ਆਪਣੀਆਂ ਪਥਰਾ ਚੁੱਕੀਆਂ ਅਖਾਂ ਨੂੰ
ਤੇਰੇ ਕਦਮਾਂ ਚ ਵਿਛਾਈ ਆਪ
ਇਕ ਮੀਲ ਦਾ ਚਿੰਨ ਬਣਕੇ ਰਹਿ ਗਿਆ |
ਪਰ ਤਿਰੇ ਸਿਤਮ ਦੀ ਕੋਈ ਹੱਦ ਨਾ ਰਹੀ,
ਹੌਕੇ, ਹਾਵਾਂ ਵਿਚ ਮੇਰੀ ਹੋਂਦ
ਰੇਤ ਦੀ ਮੁਠ ਬਣਕੇ ਰਹਿ ਗਈ |
ਸਾਡੇ ਵਿਹੜੇ ਤੇਰੇ ਆਉਣ ਦੀ ਉਡੀਕ ਚ
'ਜੀ ਆਇਆ ਨੂੰ' ਲਿਖਿਆ ਵੀ ਮਧਮ ਪੈ ਗਿਆ ,
ਅੱਜ ਸਮੇ ਦੇ ਗੇੜ ਨੇ ਮੇਰੀ ਰੂਹ ਨੂੰ
ਕਾਇਨਾਤ ਤੋਂ ਬੜੀ ਦੂਰ ਕਰ ਦਿੱਤਾ ਏ,
ਕਿਓਂ ਨਾ ਤੇਰੇ ਵਿਛੋੜੇ ਦੇ ਅਹਿਸਾਸ ਨੂੰ
ਕਾਗਜ ਦੀ ਹਿੱਕ ਤੇ ਸਹਿਕਦਾ ਛੱਡ ਕੇ ਚਲਾ ਜਾਵਾਂ
ਤੇ ਆਪਣੇ ਵਜੂਦ ਨੂੰ ਹਮੇਸ਼ਾਂ ਲਈ ਤੇਰੀਆਂ
ਅਭੁੱਲ ਯਾਦਾਂ ਤੋਂ ਮੁਕਤ ਕਰ ਜਾਵਾਂ ,
ਇਸ ਬੁੱਲਾਂ ਤਕ ਪਹੁੰਚੀ ਤੜਫ ਨਾਲ
ਸਾਰੀ ਖਲਕਤ ਨੂੰ ਅਲਵਿਦਾ ਕਹਿ ਜਾਵਾਂ,
ਤੇਰੇ ਵਿਛੋੜੇ ਦੀ ਤੜਫ 'ਚ |