ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ। ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ। ਰਹਿਬਰ ਨੇ ਤਾਂ ਧੋਖੇ ਦੇ ਨਾਲ ਪੁੱਠੇ ਰਸਤੇ ਪਾ ਤਾ ਸੀ, ਭਲਿਆ ਲੋਕਾ ਪਿੱਛੇ ਮੁੜ ਜਾ ਉੱਡਦੇ ਪੰਛੀ ਕਹਿ ਗਏ ਨੇ। ਮੈਂ ਸੁੱਖਾਂ ਨੂੰ ਜ਼ਰਬਾਂ ਦੇਵਾਂ ਦੁੱਖ ਹੀ ਹਾਸਿਲ ਹੁੰਦੇ ਨੇ, ਲਗਦਾ ਸਾਰੀ ਦੁਨੀਆ ਦੇ ਦੁੱਖ ਮੇਰੇ ਲਈ ਹੀ ਰਹਿ ਗਏ ਨੇ। ਫ਼ੁੱਲਾਂ ‘ਚੋਂ ਖੁਸ਼ਬੋਈ ਲੱਭਦੇ ਕੰਡਿਆਂ ਨਾਲ ਪਰੁੰਨੇ ਗਏ, ਜ਼ਖਮੀ ਭੌਰੇ ਤੜਪ-ਤੜਪ ਕੇ ਅਗਲੀ ਜੂਨੈ ਪੈ ਗਏ ਨੇ। ਤੂੰ ਤਾਂ ਝੱਲੀਏ ਅੱਖੀਂਓ ਵਗਦੇ ਅੱਥਰੂ ਵੇਖੇ ਹੋਣੇ ਨੇ, ਤੂੰ ਕੀ ਜਾਣੇ ਖੁਨ ਦੇ ਅੱਥਰੂ ਕਿੰਨੇ ਦਿਲ ‘ਚੋਂ ਵਹਿ ਗਏ ਨੇ। ਕੱਚੀਆਂ ਨੀਹਾਂ ਉੱਤੇ ਉਸੱਰੇ ਮਹਿਲਾਂ ਕਦ ਤਕ ਰਹਿਣਾ ਸੀ, ਕੰਧ ਰੇਤ ਦੀ ਕਦੇ ਨਾ ਖੜਦੀ ਸੱਚ ਸਿਆਣੇ ਕਹਿ ਗਏ ਨੇ। ਮੈਂ ਛੋਟੀ ਉਮਰੇ ਬਹੁਤਾ ਦਰਦ ਸਹੇੜ ਲਿਆ, ਤਾਂ ਹੀ ਜਿੰਦ ਨਿਮਾਣੀ ਤਾਂਈ ਵੱਡੇ ਕਜ਼ੀਏ ਪੈ ਗਏ ਨੇ।
Is rachna nu ethe share karn layee sukria g....