





1.ਹਾਰਦਾ ਉਹ ਹੈ, ਜੋ ਹਾਰ ਮੰਨ ਲਵੇ। ਜੋ ਨਾ ਮੰਨੇ ਉਹ ਜਾਂ ਜਿੱਤਦਾ ਹੈ ਜਾਂ ਮਰਦਾ ਹੈ।
2. ਸੱਚ ਬਦਲੇ ਮਰਨਾ ਨਿਰਾ ਆਪਣੇ ਯਕੀਨ ਤੇ ਦੇਸ਼ ਬਦਲੇ ਮਰਨਾ ਨਹੀਂ ਹੁੰਦਾ, ਸਗੋਂ ਸਾਰੀ ਦੁਨੀਆ ਲਈ ਮਰਨਾ ਹੁੰਦਾ ਹੈ।
3. ਗ਼ੁਲਾਮੀ ਦੇ ਤਪਦਿਕ ਨਾਲ ਮਰਨ ਨਾਲੋਂ ਚੰਗਾ ਹੈ ਆਜ਼ਾਦੀ ਦੇ ਸੁਪਨੇ ਵਿੱਚ ਮਰਨਾ। ਅਗਲੇ ਜਨਮ ਵਿੱਚ ਤਾਂ ਆਜ਼ਾਦ ਹੋਵਾਂਗੇ।
4. ਜਿਸਨੂੰ ਲੀਡਰੀ ਦਾ ਨਸ਼ਾ ਚੜ੍ਹ ਜਾਵੇ, ਉਸ ਦਾ ਹਾਲ ਸ਼ਰਾਬੀ ਨਾਲੋਂ ਵੀ ਭੈੜਾ ਹੁੰਦਾ ਹੈ। ਸ਼ਰਾਬੀ ਤਾਂ ਆਪਣਾ ਨੁਕਸਾਨ ਹੀ ਕਰਦਾ ਹੈ ਤੇ ਲੀਡਰੀ ਦੇ ਨਸ਼ੇ ਵਾਲਾ ਆਪਣੇ ਨੁਕਸਾਨ ਦੇ ਨਾਲ ਕੌਮ ਦਾ ਨੁਕਸਾਨ ਵੀ ਕਰਦਾ ਹੈ।
5. ਇੱਕ ਵਧੀਆ ਗੁਣ ਸਭ ਔਗੁਣਾਂ ਨੂੰ ਨੱਪ ਦਿੰਦਾ ਹੈ ਤੇ ਜੇ ਨਾ ਨੱਪਿਆ ਜਾਵੇ ਤਾਂ ਉਸਨੂੰ ਢੱਕ ਲੈਂਦਾ ਹੈ।
6. ਸਭ ਤੋਂ ਵੱਡਾ ਔਗੁਣ 'ਚੌਧਰ' ਦੀ ਇੱਛਾ ਅਥਵਾ ਪਖੰਡ ਜਾਂ ਦਿਖਾਵੇ ਨਾਲ ਇੱਜ਼ਤ ਪ੍ਰਾਪਤ ਕਰਨ ਦਾ ਯਤਨ ਹੈ। ਚੌਧਰ ਦੀ ਇੱਛਾ ਇੱਕ ਅਜਿਹੀ ਮੋਰੀ ਹੈ, ਜਿਸ ਵਿੱਚੋਂ ਸਾਰੇ ਗੁਣ ਵਗ ਜਾਂਦੇ ਹਨ ਤੇ ਸ਼ਰਮ ਹਯਾ ਇੱਕ ਅਜਿਹਾ ਡੱਬਾ ਹੈ, ਜਿਸ ਵਿੱਚ ਸਭ ਗੁਣ ਸਾਂਭੇ ਰਹਿੰਦੇ ਹਨ।
7. ਵਹਿਮੀ ਭੋਲਾ ਹੈ ਜੋ ਅਸਲੀਅਤ ਨੂੰ ਪਛਾਣੇ ਬਿਨਾਂ ਨਕਲ ਦੇ ਮਗਰ ਦੌੜਦਾ ਹੈ।
8. ਸ਼ਰਧਾਵਾਨ ਅੰਮ੍ਰਿਤ ਪੀਂਦਾ ਹੈ, ਵਹਿਮੀ ਸ਼ਰਬਤ ਪੀਂਦਾ ਹੈ ਤੇ ਪਾਖੰਡੀ ਬਿਖ ਪੀਂਦਾ ਹੈ।
9. ਮੱਤ ਸਮਝੋ ਕਿ ਅਸੀਂ ਸਭ ਕੁਝ ਜਾਣਦੇ ਹਾਂ ਤੇ ਮੱਤ ਸਮਝੋ ਕਿ ਅਸੀਂ ਕੁਝ ਵੀ ਨਹੀਂ ਜਾਣ ਸਕਦੇ।
10. ਅਕਲਾਂ ਵਾਲਿਓ, ਤੁਸੀਂ ਅਕਲਾਂ ਵਾਲੇ ਤਦੇ ਹੋ ਜੇ ਅਕਲ ਨੂੰ ਤਿਆਗ ਕੇ ਉਸ ਅਕਲ ਦੇ ਪੁੰਜ ਦੇ ਦਰ ਤੇ ਢਹਿ ਪਵੋ।
11. ਹੱਕਾਂ ਉੱਤੇ ਜ਼ੋਰ ਦੇਣਾ ਖ਼ੁਦਗਰਜ਼ੀ ਹੈ ਤੇ ਫਰਜ਼ਾਂ ਵੱਲ ਧਿਆਨ ਦੇਣਾ ਸੇਵਾ ਤੇ ਕੁਰਬਾਨੀ ਹੈ। ਖ਼ੁਦਗਰਜ਼ੀ ਦੁੱਖ ਦਾ ਕਾਰਨ ਹੈ। ਕੁਰਬਾਨੀ ਸੁੱਖ ਦਾ।
12. ਕੌਣ ਕਹਿ ਸਕਦਾ ਹੈ ਕਿ ਬਾਈਸਾਈਕਲ ਦਾ ਅਗਲਾ ਪਹੀਆ ਵਧੇਰੇ ਜ਼ਰੂਰੀ ਹੈ ਕਿ ਪਿਛਲਾ। ਫਿਰ ਇਸ ਵਿਚਾਰ ਦੀ ਲੋੜ ਹੀ ਕੀ ਹੈ, ਜਦੋਂ ਦੋਹਾਂ ਦੇ ਮੇਲ ਬਿਨਾਂ ਕੰਮ ਚੱਲਣਾ ਹੀ ਨਹੀਂ।
13. ਆਪਣੇ ਔਗੁਣ ਦਾ ਪਤਾ ਨਾ ਹੋਣਾ ਸਭ ਔਗੁਣਾਂ ਵਿੱਚੋਂ ਵੱਡਾ ਔਗੁਣ ਹੈ।
14. ਗਰੀਬ ਉਹ ਨਹੀਂ ਜਿਸਦੇ ਕੋਲ ਕੁਝ ਨਹੀਂ ਹੈ, ਗਰੀਬ ਉਹ ਹੈ, ਜਿਸਨੂੰ ਫ਼ਿਕਰ ਹੈ ਕਿ ਮੇਰੇ ਕੋਲ ਕੁਝ ਨਹੀਂ ਹੈ।
15. ਕੌਮੀ ਜੰਗ ਵਿੱਚ ਜੂਝ ਮਰਨਾ ਸੌਖਾ ਹੈ ਪਰ ਕੌਮੀ ਜੰਗ ਦਾ ਸਮਝੌਤਾ ਕਰਨਾ ਔਖਾ ਹੈ। ਜੰਗ ਵਿੱਚ ਜੂਝ ਮਰਨਾ ਬਹਾਦਰਾਂ ਦਾ ਕੰਮ ਹੈ। ਪਰ ਸਮਝੌਤੇ ਦੀ ਜ਼ਿੰਮੇਵਾਰੀ ਸਿਰ 'ਤੇ ਲੈਣੀ ਕਿਸੇ ਪੱਕੇ ਤਿਆਗੀ ਦਾ ਕੰਮ ਹੈ।
16. ਜਿਹੜਾ ਤਾਕਤ ਪਕੜ ਕੇ ਸਮਝੌਤਾ ਨਹੀਂ ਕਰ ਸਕਦਾ, ਉਹ ਕਮਜ਼ੋਰੀ ਵਿੱਚ ਡਿੱਗ ਕੇ ਤਰਲਾ ਕਰੇਗਾ।
17. ਦੁਨੀਆ ਵਿੱਚ ਇਤਨੀ ਖੁਸ਼ੀ ਨਹੀਂ ਹੈ ਕਿ ਦੁਨੀਆ ਵਿੱਚ ਖੁਸ਼ੀ ਪੈਦਾ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਦਿੱਤਾ ਜਾਵੇ।
18. ਪਹਿਲਾਂ ਬੁਰਾ ਖਿਆਲ ਰੋਕੋ, ਕਿਉਂਕਿ ਹਰ ਖਿਆਲ ਮਗਰੋਂ ਆਉਣ ਵਾਲੇ ਖਿਆਲ ਲਈ ਮਨ ਵਿੱਚ ਲੀਹ ਛੱਡ ਦਿੰਦਾ ਹੈ।
19. ਜੋ ਆਪਣੇ ਮੂੰਹੋਂ ਆਪਣੀ ਵਡਿਆਈ ਕਰਦਾ ਹੈ, ਉਹ ਹੰਕਾਰੀ ਹੈ ਜੋ ਆਪਣੇ ਮੂੰਹੋਂ ਆਪਣੀ ਨਿੰਦਿਆ ਕਰਦਾ ਹੈ, ਉਹ ਪਾਖੰਡੀ ਹੈ, ਜੋ ਆਪਣੇ ਮੂੰਹੋਂ ਆਪਣੇ ਸਬੰਧੀ ਵਿਹਲੀਆਂ ਗੱਲਾਂ ਕਰਦਾ ਹੈ, ਉਹ ਮੂਰਖ ਹੈ।
20. ਜੋ ਆਪਣਾ ਗੁਣ ਨਹੀਂ ਕਹਿੰਦਾ ਤੇ ਦੂਜੇ ਦੇ ਔਗੁਣ ਨਹੀਂ ਫੋਲਦਾ, ਉਹ ਕਾਮਯਾਬ ਹੁੰਦਾ ਹੈ।
21. ਹਰ ਦਿਨ ਮਗਰੋਂ ਰਾਤ ਤੇ ਹਰ ਰਾਤ ਮਗਰੋਂ ਸਵੇਰ ਹੁੰਦੀ ਹੈ।
22. ਉਦਾਸੀ ਇੱਕ ਆਦਤ ਹੈ। ਉਦਾਸ ਆਦਮੀ ਨੂੰ ਜੇ ਕੋਈ ਬਿਪਤਾ ਨਹੀਂ ਹੈ ਤਾਂ ਇਸ ਕਰ ਕੇ ਉਦਾਸ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਬਿਪਤਾ ਆ ਜਾਵੇ।
23. ਕਈ ਵਾਰ ਚੁੱਪ ਰਹਿਣਾ ਬੋਲਣ ਨਾਲੋਂ ਸੋਹਣਾ ਬੋਲਣਾ ਹੈ। ਮੈਂ ਆਪਣੇ ਬੋਲਣ 'ਤੇ ਕਈ ਵਾਰ ਪਛਤਾਇਆ ਹਾਂ। ਪਰ ਚੁੱਪ ਉੱਤੇ ਕਦੀ ਨਹੀਂ ਪਛਤਾਇਆ।
24. ਜੇ ਤੂੰ ਦੋਸਤ ਬਣਾਉਣਾ ਹੈ ਤਾਂ ਭਰੋਸਾ ਕਰ, ਜੇ ਤੂੰ ਦੁਸ਼ਮਣ ਤੋਂ ਬਚਣਾ ਹੈ ਤਾਂ ਖ਼ਬਰਦਾਰ ਰਹਿ।
25. ਬੁਰੇ ਦੀ ਚੰਗਿਆਈ ਵੱਲ ਵੇਖੋ ਤੇ ਚੰਗੇ ਦੀਆਂ ਬੁਰਿਆਈਆਂ ਵੱਲੋਂ ਅੱਖਾਂ ਮੀਟ ਲਓ।