Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਉਸ ਦਿਨ

ਪਹਿਲੀ ਵਾਰੀ ਲਾਲ ਕਿਲ੍ਹੇ ‘ਤੇ ਝੁੱਲਿਆ ਜਦੋਂ ਤਿਰੰਗਾ
ਰੁਮਕੀ ਪੌਣ, ਉਛਲੀਆਂ ਨਦੀਆਂ, ਸਣ ਜਮਨਾ ਸਣ ਗੰਗਾ

ਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇ
ਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇ

ਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿਚ ਰਲਿਆ
ਧਰਮ ਦਇਆ ਨੂੰ ਭੁਲਕੇ ਹਰ ਕੋਈ ਕਾਮ ਕ੍ਰੋਧ ਵਿਚ ਜਲਿਆ

ਰੁਦਨ ਹਜ਼ਾਰਾਂ ਨਾਰਾਂ ਦੇ ਤੇ ਮਰਦਾਂ ਦੇ ਲਲਕਾਰੇ
ਕੁੱਖਾਂ ਵਿਚ ਡੁਬੋ ਕੇ ਜਿਹਨਾਂ ਤਪਦੇ ਖ਼ੰਜਰ ਠਾਰੇ

ਸੁਣਿਆ ਸੀ ਪਾਣੀ ਨੂੰ ਕੋਈ ਖ਼ੰਜਰ ਚੀਰ ਨਾ ਸਕਿਆ
ਪਰ ਰਾਵੀ ਦੋ ਟੁਕੜੇ ਹੋਈ, ਅਸੀਂ ਤਾਂ ਅੱਖੀਂ ਤੱਕਿਆ

ਨਾਲ ਨਮੋਸ਼ੀ ਪਾਣੀ ਪਾਣੀ ਹੋਏ ਝਨਾਂ ਦੇ ਪਾਣੀ
ਨਫ਼ਰਤ ਦੇ ਵਿਚ ਡੁਬ ਕੇ ਮਰ ਗਈ ਹਰ ਇਕ ਪ੍ਰੀਤ ਕਹਾਣੀ

ਸਤਿਲੁਜ ਨੂੰ ਕੁਝ ਸਮਝ ਨਾ ਆਵੇ, ਜਸ਼ਨਾਂ ਵਿਚ ਕਿੰਜ ਰੋਵੇ
ਨਾਂ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇ

ਕਹੇ ਬਿਆਸਾ ਮੈਂ ਬਿਆਸਾ, ਮੈਂ ਕੀ ਧੀਰ ਧਰਾਵਾਂ
ਇਹ ਰੱਤ ਰੰਗੇ ਆਪਣੇ ਪਾਣੀ, ਕਿੱਥੇ ਧੋਵਣ ਜਾਵਾਂ

ਜਿਹਲਮ ਆਖੇ ਚੁੱਪ ਭਰਾਵੋ, ਪਾਣੀ ਦਾ ਕੀ ਹੋਣਾ
ਕਿਸ ਤੱਕਣਾ ਪਾਣੀ ਦਾ ਹੰਝੂ, ਪਾਣੀ ਵਿਚ ਸਮੋਣਾ

ਲਾਸ਼ਾਂ ਭਰੀਆਂ ਗੱਡੀਆਂ ਭੇਜੀਆਂ ਤੋਹਫ਼ਿਆਂ ਵਾਂਗ ਭਰਾਵਾਂ
ਮੈਂ ਖ਼ੁਦ ਦਰਿਆ ਹਾਂ ਡੁਬ ਕੇ ਕਿਸ ਦਰਿਆ ਮਰ ਜਾਵਾਂ

ਲਾਸ਼ਾਂ ਭਰੀਆਂ ਗੱਡੀਆਂ ਜਿਸ ਦਿਨ ਲੰਘ ਪੁਲਾਂ ਤੋਂ ਗਈਆਂ
ਦਿਨ ਲੱਥਾ ਜਿਉਂ ਇਸ ਧਰਤੀ ਤੇ ਅੰਤਿਮ ਸ਼ਾਮਾਂ ਪਈਆਂ

ਫਿਰ ਮੁੜ ਕੇ ਸੂਰਜ ਨਹੀਂ ਚੜ੍ਹਿਆ ਹੋਇਆ ਇੰਜ ਹਨ੍ਹੇਰਾ
ਕਦੀ ਕਦੀ ਕਿਸੇ ਅੱਖ 'ਚੋਂ ਸਿੰਮਦਾ ਇਕ ਅੱਧ ਬੂੰਦ ਸਵੇਰਾ

ਤੁਸੀਂ ਤਾਂ ਕਹਿੰਦੇ ਹੋ ਰਹਿੰਦੇ ਸਾਂ ਆਪਾਂ ਵਾਂਗ ਭਰਾਵਾਂ
ਕੌਣ ਸੀ ਉਹ ਫਿਰ ਲਈਆਂ ਜਿਸ ਨੇ ਧੀਆਂ ਦੇ ਸੰਗ ਲਾਵਾਂ

ਕੌਣ ਸੀ ਉਹ ਜਿਸ ਅੱਗ ਵਿਚ ਸੁੱਟੀਆਂ ਕੇਸੋਂ ਫੜ੍ਹ ਫੜ੍ਹ ਮਾਵਾਂ
ਕੌਣ ਸੀ ਉਹ ਜੋ ਮਿੱਧ ਕੇ ਲੰਘਿਆ ਕੱਚ ਕੁਆਰੀਆਂ ਥਾਂਵਾਂ

ਕੌਣ ਸੀ ਉਹ ਜੋ ਅਜੇ ਕਿਤੇ ਹੈ ਅੰਦਰੀਂ ਛੁਪਿਆ ਹੋਇਆ
ਕੌਣ ਸੀ ਉਹ ਜਿਸ ਲੱਖਾਂ ਕੋਹੇ, ਉਹ ਸਾਥੋਂ ਨਾ ਮੋਇਆ

ਮਾਵਾਂ ਭੈਣਾਂ ਧੀਆਂ ਨਾਰਾਂ ਬਾਜ਼ਾਰਾਂ 'ਚੋਂ ਲੰਘੀਆਂ
ਉਹ ਤਾਂ ਦਰਦ ਹਯਾ ਵਿਚ ਕੱਜੀਆਂ ਉਹ ਤਾਂ ਕਦ ਸਨ ਨੰਗੀਆਂ

ਨੰਗੀ ਸੀ ਮਰਦਾਂ ਦੀ ਵਹਿਸ਼ਤ, ਮਜ਼੍ਹਬ ਉਨ੍ਹਾਂ ਦੇ ਨੰਗੇ
ਕੌਣ ਢਕੇ ਨੰਗੇਜ ਕਿ ਜਦ ਖ਼ੁਦ ਕੱਜਣ ਹੋ ਗਏ ਨੰਗੇ

ਕਿਸੇ ਬਾਪ ਨੇ ਲਾਡਾਂ ਪਾਲੀ ਧੀ ਦਾ ਗਲ਼ਾ ਦਬਾ ਕੇ
ਮੌਤ ਦੀ ਗੋਦ ਸੁਲਾਇਆ ਉਸ ਨੂੰ ਆਪਣੀ ਗੋਦੋਂ ਲਾਹ ਕੇ

ਸ਼ੁਕਰ ਓ ਰੱਬਾ ਲੱਖ ਲੱਖ ਤੇਰੇ ਤੂੰ ਜੋ ਮੌਤ ਬਣਾਈ
ਇਕ ਮਹਿਫੂਜ਼ ਜਗ੍ਹਾ ਹੈ ਨਾ ਜਿੱਥੇ ਛੋਹੇ ਪੌਣ ਪਰਾਈ

ਜੇ ਸਭ ਤੋਂ ਮਹਿਫੂਜ਼ ਜਗ੍ਹਾ ਹੈ ਮੌਤ ਹੀ ਅੱਲ੍ਹਾ ਮੀਆਂ
ਛੱਡ ਫਰਾਕਾਂ ਝੱਗੇ ਸਿੱਧੇ ਖੱਫ਼ਣ ਕਿਉ ਨਾਂ ਸੀਆਂ

ਜੇ ਧਰਤੀ ਤੇ ਇਉਂ ਹੀ ਨਾਰਾਂ ਕੁਹਣੀਆਂ ਤੇਰੇ ਜੀਆਂ
ਤਾਂ ਫਿਰ ਮਾਵਾਂ ਕਿਉਂ ਨਾ ਮਾਰਨ ਕੁੱਖਾਂ ਦੇ ਵਿੱਚ ਧੀਆਂ

ਆਪਣੀਆਂ ਨਾਂ ਹੋਣ, ਹੋਣ ਤਾਂ ਹੋਣ ਪਰਾਈਆ ਧੀਆਂ
ਤਾਂ ਜੋ ਸੇਕ ਨਾ ਪਹੁੰਚੇ ਜਦ ਵੀ ਜਾਣ ਜਲਾਈਆਂ ਧੀਆਂ

ਜਾਓ ਪੁੱਤਰਾਂ ਵਾਲਿਓ ਆਪਣੇ ਲਾਡਲਿਆਂ ਨੂੰ ਪਾਲੋ
ਸ਼ਹਿਰ ਸ਼ਹਿਰ ਦੀਆਂ ਸੜਕਾਂ ਉਤੇ ਵਹਿਸ਼ੀ ਧੂਣੀਆਂ ਬਾਲੋ

ਮੈਂ ਧਰਤੀ ਹਾਂ ਮੈਨੂੰ ਹੱਕ ਏ ਪੁੱਗਣ ਹੀ ਨਾ ਦੇਵਾਂ
ਬੀਜ ਤੁਹਾਡੇ ਆਪਣੀ ਕੁੱਖ ਚੋਂ ਉੱਗਣ ਹੀ ਨਾ ਦੇਵਾਂ

ਕੁੱਖਾਂ ਵਿਚ ਧੀਆਂ ਮਾਰਨ ਦਾ ਬੜਾ ਤੁਹਾਨੂੰ ਦੁੱਖ ਏ
ਭੁੱਲ ਗਏ ਓਂ ਜੀਂਦਿਆਂ ਅੱਗ ਵਿਚ ਸੜਨ ਦਾ ਜਿਹੜਾ ਸੁਖ ਏ

ਜਦ ਤਕ ਹੋਣ ਨ ਨਾਰਾਂ ਦੇ ਸਿਰ ਆਦਰ ਭਰੀਆਂ ਛਾਂਵਾਂ
ਜਦ ਤਕ ਨਾਲ ਉਨ੍ਹਾਂ ਦੇ ਤੁਰਦਾ ਖ਼ੌਫ ਦਾ ਇਕ ਪਰਛਾਂਵਾਂ

ਜਦ ਤਕ ਨਾਰਾਂ ਤਾਈਂ ਟੋਲਣ ਦੁਖ ਭਰੀਆਂ ਘਟਨਾਂਵਾਂ
ਕਹਿ ਦੇਵਾਂ ਮਾਵਾਂ ਨੂੰ ਤਦ ਤੱਕ ਹੋਰ ਨਾ ਜੰਮਣ ਮਾਵਾਂ

ਜਾਓ ਪਹਿਲਾਂ ਆਦਮ ਦੇ ਪੁੱਤਰਾਂ ਨੂੰ ਜ਼ਰਾ ਸੁਧਾਰੋ
ਫਿਰ ਕਰਿਓ ਪਰਚਾਰ ਕਿ ਧੀਆਂ ਕੁੱਖਾਂ ਵਿਚ ਨਾ ਮਾਰੋ

ਚਲੋ ਮੈਂ ਬਖ਼ਸ਼ੇ ਪਾਪ ਤੁਹਾਡੇ ਮੈਂ ਵੀ ਆਖ਼ਰ ਮਾਂ ਹਾਂ
ਧੀਆਂ ਬਾਝੋਂ ਸੱਖਣੀ ਧਰਤੀ ਮੈਂ ਵੀ ਦਿਲੋਂ ਨਾ ਚਾਹਾਂ

ਧੀਆਂ ਬਾਝੋਂ ਰੋਣਗੇ ਸਾਲੂ, ਸੱਗੀ ਫੁੱਲ, ਕਲੀਰੇ
ਚੁੰਨੀਆਂ ਬਾਝੋਂ ਕਿਹੜੇ ਕੰਮ ਨੇ ਸ਼ਮਲਿਆਂ ਵਾਲੇ ਚੀਰੇ

ਪਾਜ਼ੇਬਾਂ ਦੀ ਛਣ - ਛਣ ਬਾਝੋਂ ਸੁੰਨੀਆਂ ਹੋਸਣ ਗਲੀਆਂ
ਤੜਪ ਮਰਨ ਮਹਿੰਦੀ ਦੇ ਬੂਟੇ, ਛੁਹਣ ਨੂੰ ਕੂਲੀਆਂ ਕਲੀਆਂ

ਮੈਂ ਤਾਂ ਬੱਸ ਚਾਹੁੰਨੀ ਆਂ ਪੱਥਰ ਬੁੱਤ ਬੰਦਿਆਂ ਦੇ ਪਿਘਲਣ
ਦਰਦ ਤੇ ਪਛਤਾਵੇ ਦੇ ਹੰਝੂ , ਉਨ੍ਹਾਂ ਅੰਦਰੋਂ ਛਲਕਣ

ਮੈਂ ਮਾਵਾਂ ਨੂੰ ਅਰਜ਼ ਕਰਾਂ ਉਹ ਪਾਪ ਉਨ੍ਹਾਂ ਦੇ ਬਖ਼ਸ਼ਣ
ਗਲੀਆਂ ਦੇ ਵਿਚ ਮੁੜ ਕੇ ਜਾਗੇ ਪਾਜ਼ੇਬਾਂ ਦੀ ਛਣ ਛਣ
------ ਸੁਰਜੀਤ ਪਾਤਰ

07 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਿਆ ਬਾਤਾਂ ਨੇ ਪਾਤਰ ਜੀ ਦੀਆਂ......tfs.....

07 Jan 2013

Reply