ਵੈਰੀ ਸੂਰਜ
ਕਾਕਾ ਗਿੱਲ
ਇੱਕ ਸੂਰਜ ਤੱਤਾ ਇੱਕ ਸੂਰਜ ਗ੍ਰਹਿਣਿਆ
ਨਿੱਕੀ ਬੱਦਲ਼ੀ ਦੀ ਛਾਂ ਨੂੰ ਸਾੜੇ
ਸਾਉਣ ਤੋਂ ਲ਼ਾਈ ਆਸ ਫੁਹਾਰ ਦੀ
ਭਰਪੂਰ
ਸਰੂਰ
ਤੰਦੂਰ
ਨਸੂਰ
ਜਰੂਰ
ਕਸੂਰ
ਇੱਕ ਸੂਰਜ ਤੱਤਾ ਇੱਕ ਸੂਰਜ ਗ੍ਰਹਿਣਿਆ
ਨਿੱਕੀ ਬੱਦਲ਼ੀ ਦੀ ਛਾਂ ਨੂੰ ਸਾੜੇ
ਸਾਉਣ ਤੋਂ ਲਾਈ ਆਸ ਫੁਹਾਰ ਦੀ
ਜੋ ਦਿਲਾਂ ਤੋਂ ਜੰਮਿਆ ਗਰਦਾ ਝਾੜੇ
ਡਾਢੇ ਦਾ ਸੱਤੀਂ ਵੀਹੀਂ ਸੌ ਹਮੇਸ਼
ਵੱਡੀ ਮੱਛੀ ਛੋਟੀ ਨੂੰ ਬੁਰਕੀ ਬਣਾਂਦੀ
ਜਿੰਨੀ ਵੀ ਉੱਚੀ ਲੁਕਾਈ ਹਾਹਾਕਾਰ ਮਚਾਏ
ਨਿਰ ਪੱਖ ਅਦਾਲਤ ਇਨਸਾਫ਼ ਨਹੀਂ ਦਿਵਾਂਦੀ
ਸੰਘਰਸ਼ ਹਰ ਵੇਲੇ ਹੁੰਦਾ ਨਫ਼ੇ-ਘਾਟੇ ਦਾ
ਕੋਈ ਜਿੱਤਦਾ ਭਲਵਾਨ ਦੂਜਾ ਹਾਰਦਾ ਅਖਾੜੇ
ਝਿਲਮਿਲਾਉਂਦੇ ਤਾਰਿਆਂ ਦੇ ਝੁਰਮਟ ਸਾਹਵੇਂ
ਬੇਨੂਰ ਹੋਵੇ ਸੁੰਞੇ ਚੰਨ ਦੀ ਚਾਨਣੀ
ਅੱਖ ਦੇ ਫੋਰ ਵਿੱਚ ਦਿਹੁੰ ਬੀਤਣ
ਨ੍ਹੇਰੀ ਰਾਤ ਦੀ ਪੈਲ ਸੌਖੀ ਪਹਿਚਾਨਣੀ
ਘੜੀ ਦੀਆਂ ਸੁਈਆਂ ਚਿਤਾਰਨ ਵੇਲ਼ੇ ਨੂੰ
ਕੌਣ ਕਾਠ ਦੀ ਹਾਂਡੀ ਅੱਗ ਤਾ ਚਾਹੜੇ?
ਬਣਕੇ ਸਾੜਨੀ ਅੱਗ ਦਾ ਭਾਂਬੜ ਸੂਰਜ
ਲਾਟਾਂ ਦਾ ਮੋਹਲੇਧਾਰ ਮੀਂਹ ਵਰਸਾਵੇ
ਝੁਲਸੇ ਰੁੱਖ, ਅਲੋਪ ਬੱਦਲ਼ੀ, ਛਾਂ ਨਾਯਾਬੀ
ਵੱਟ ਨਿਢਾਲੇ ਜਿਸਮ, ਸੀਤ ਨਜ਼ਰ ਨ ਆਵੇ
ਯਾਰੀ ਤੋੜਕੇ ਬਣਿਆ ਸੂਰਜ ਜਰਵਾਣਾ
ਬੇਦਰਦ ਸੁਣਦਾ ਨਾ ਤਰਲੇ, ਨਾ ਹਾੜ੍ਹੇ
ਰੇਸ਼ਮ ਦੇ ਦੁਸ਼ਾਲੇ ਤਾਣ ਬੈਠੇ ਧਨਾਢ
ਲੀਰਾਂ ਨਾਲ ਤਨ ਢਕਣ ਕਰਜ਼ਾਈ
ਝੌਏ ਫ਼ੁੱਲ, ਵੇਗੇ ਬੂਟੇ, ਦਰਿਆ ਸੁੱਕੇ
ਦੁਆਵਾਂ ਭਰੀ ਥਾਲ਼ੀ ਜਾਂਦਾ ਠੁਕਰਾਈ
ਨਿਰਦਈ, ਖੂੰਖਾਰ, ਕਠੋਰੀ, ਰਹਿਮ ਵਿਹੂਣਾ
ਸੂਰਜ ਦਰਿੰਦਾ ਬਣਿਆ, ਪ੍ਰੀਤ ਨਗਰ ਉਜਾੜੇ
ਮੱਥੇ ਪਾ ਤਿਉੜੀ, ਅਣਗੌਲ਼ੇ ਹਰਿੱਕ ਅਰਜੋਈ
ਅਜ਼ਨਬੀ ਬਣਿਆ, ਸੱਧਰਾਂ ਵਿਸਾਰ ਬੇਵਿਚਾਰ
ਨਿਰਸੰਕੋਚ ਮਾਰੇ ਕੋਰੜੇ ਸ਼ਰੇਆਮ ਘਿਰਣਾ ਦਿਖਾਕੇ
ਪੱਥਰ ਸਮਝ ਢਾਉਂਦਾ ਮਾਨਸਿਕ ਅੱਤਿਆਚਾਰ
ਮਸ਼ਕਰੀ ਭਾਵ ਕੱਢਕੇ ਗ਼ਜ਼ਲਾਂ ਤੇ ਹੱਸੇ
ਕਾਲ਼ਾ ਕਹਿਕੇ ਗੀਤਾਂ ਦੇ ਵਰਕੇ ਪਾੜੇ
ਬੇਰੁਖੀ ਇਹਦੀ ਤੱਕ, ਸੱਟ ਗੁੱਝੀ ਵੱਜਦੀ
ਜ਼ਿੰਦਗੀ ਡੋਲਦੀ ਜਦ ਬੇਲੀ ਦਗਾ ਕਮਾਣ
ਨਾ ਉਪਾਅ ਫਾਸਲੇ ਦਾ ਨਾ ਨਿਪਟਾਰਾ
ਵੈਰੀ ਸ਼ਾਇਦ ਇਸਤੋਂ ਘੱਟ ਜ਼ੁਲਮ ਕਮਾਣ
ਸਾਬਕ ਮਿੱਤਰ ਢਾਵੇ ਬੇਅੰਤ ਤਸ਼ੱਦਦ ਤਸੀਹੇ
ਤੂੜੀ ਜਾਣਕੇ ਪੈਰਾਂ ਨਾਲ ਦਿਲ ਲਿਤਾੜੇ
ਇਸ ਸੂਰਜ ਨੂੰ ਗੂੜ੍ਹਾ ਦੋਸਤ ਸਮਝਿਆ
ਇਸ ਸੂਰਜ ਨੂੰ ਆਪਣਾ ਹਮਦਰਦ ਜਾਣਿਆ
ਇਸ ਸੂਰਜ ਤੋਂ ਵਫ਼ਾ ਦੀ ਆਸ ਕੀਤੀ
ਇਸ ਸੂਰਜ ਨੇ ਧਰੋਹ ਕਰਨਾ ਮਾਣਿਆ
ਇਸ ਸੂਰਜ ਦਿਲ ਤੋੜਿਆ ਨਿਹੱਕਾ ਬੇਲੋੜਾ
ਇਸ ਸੂਰਜ ਲੁੱਟੀ ਜਿੰਦ ਦਿਨ ਦਿਹਾੜੇ