Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
------------ ਵਾਜ ----------------



ਅਸੀਂ ਨਿੱਕੇ ਨਿੱਕੇ ਲੋਕ
ਨਿੱਕੀ ਖ਼ੁਸ਼ੀ ਨਿੱਕੇ ਝਗੜੇ
ਕਰਦੇ ਸਾਂ
ਪਰ ਵਸਦੇ ਰਸਦੇ ਸਾਂ
........
ਸਾਡੇ ਵਿੱਚੋਂ ਕੁਝ ' ਵੱਡੇ ' ਬੰਦੇ ਬੋਲੇ
ਜਿਵੇਂ ਚੰਦ-ਸੂਰਜ ਹੁੰਦੇ ਨੇ
ਓਵੇਂ ਧਰਮ ਵੀ ਹੁੰਦਾ ਹੈ
ਅਸੀਂ ਆਖਿਆ
ਚੰਦ-ਸੂਰਜ ਤਾਂ ਦਿਸਦੇ ਹਨ
ਧਰਮ ਅਸਾਂ ਕਦੇ ਵੇਖਿਆ ਨਹੀਂ
-------
ਉਨ੍ਹਾਂ ਅੱਗ ਵਿੱਚ ਘਿਉ ਪਾਇਆ
ਸਾਨੂੰ ਧਰਮ ਦੀ ਲਾਟ ਦਿਸੀ
ਉਨ੍ਹਾਂ ਨਮਾਜ਼ ਪੜ੍ਹੀ
ਧਰਮ ਸਾਨੂੰ ਸੁਣਨ ਲੱਗ ਪਿਆ
ਸਾਡੇ ਮੱਥੇ ਤਿਲਕ ਲਾਇਆ
ਧਰਮ ਸਾਡੀ ਸੋਚ ਵਿੱਚ ਵੜ ਗਿਆ
ਉਨ੍ਹਾਂ ਪ੍ਰਸ਼ਾਦ ਵੰਡਿਆ
ਧਰਮ ਸਾਡੇ ਅੰਦਰ ਘੁਲ ਗਿਆ
-----
ਸਾਡੇ ਅੰਦਰੋਂ ਵਾਜ ਆਈ
" ਨਹੀਂ !
ਇਹ ਧਰਮ ਨਹੀਂ
ਧਰਮ ਤਾਂ ਮਿੱਠਾ ਜਿਹਾ
ਸ਼ਾਂਤ ਜਿਹਾ,ਚੁੱਪ ਜਿਹਾ
ਪਿਆਰ ਜਿਹਾ ਅਨੁਭਵ ਹੁੰਦਾ ਹੈ
ਬਾਹਰੋਂ ਨਹੀਂ ਅੰਦਰੋਂ ਹੁੰਦਾ ਹੈ "
-----
ਜੈਕਾਰਿਆਂ ਦੇ ਸ਼ੋਰ ਵਿੱਚ
ਵਾਜ ਗੁਆਚ ਗਈ
-----
ਉਹ ਬੋਲੇ
ਧਰਮ ਮਹਾਨ ਹੈ
ਤੁਹਾਡੇ ਵਿੱਚੋਂ ਜਿਹੜੇ ਧਾਰਮਿਕ ਹਨ
ਉਹ ਮਹਾਨ ਹਨ
ਬਾਕੀ ਆਮ ਹਨ
-----
ਸਾਨੂੰ ਨਿੱਕੇ ਲੋਕਾਂ ਨੂੰ
ਮਹਾਨ ਹੋਣਾ ਚੰਗਾ ਲੱਗਿਆ
ਉਨ੍ਹਾਂ ਸਾਡੇ ਹੱਥ ਵਿੱਚ ਤਲਵਾਰ ਫ਼ੜਾਈ
ਸਾਨੂੰ ਤਾਕਤਵਰ ਹੋਣਾ ਚੰਗਾ ਲੱਗਿਆ
-----
ਕੁਝ ਦਿਨਾਂ ਬਾਅਦ ਉਹ ਬੋਲੇ
ਦੂਜੇ ਫ਼ਿਰਕੇ ਦੇ ਲੋਕਾਂ ਵੱਲੋਂ
ਤੁਹਾਡੇ ਧਰਮ ਨੂੰ ਖ਼ਤਰਾ ਹੈ
ਇਹ ਧਰਮ ਦੀ ਰਾਖੀ ਦਾ ਵੇਲਾ ਹੈ
-----
ਵਾਜ ਅੰਦਰੋਂ ਫੇਰ ਪਈ
" ਇਹ ਗੱਲ ਸਹੀ ਨਹੀਂ
ਧਰਮ ਬੰਦੇ ਦੀ ਰੱਖਿਆ ਕਰਦਾ ਹੈ
ਇਹ ਕਿਸ ਤਰ੍ਹਾਂ ਦਾ ਧਰਮ ਹੈ
ਜਿਸਦੀ ਰੱਖਿਆ
ਬੰਦਿਆਂ ਨੂੰ ਕਰਨੀ ਪੈ ਰਹੀ ਹੈ ?
ਇਹ ਪਛਾਣਿਆ ਹੋਇਆ ਨਹੀਂ
ਘੜਿਆ ਹੋਇਆ ਧਰਮ ਹੈ "
-----
ਸ਼ਸਤਰਾਂ ਦੀ ਖੜਕਾਰ ਵਿੱਚ
ਵਾਜ ਫੇਰ ਗੁਆਚ ਗਈ
-----
ਹੁਣ ਅਸੀਂ ਨਿੱਕੇ ਨਹੀਂ ਸਾਂ ਰਹਿ ਗਏ
ਸਾਡੇ ਝਗੜੇ ਵੀ ਨਿੱਕੇ ਨਹੀਂ ਸਨ
ਸਾਡੀ ਜੰਗ ਹੁਣ ਵੱਡੀ ਸੀ
ਮਹਾਨ ਧਰਮ ਦੀ ਮੰਗੀ ਬਲੀ
ਹੋਰ ਵੀ ਵੱਡੀ ਸੀ
-----
ਹੁਣ ਅੱਗ ਵਿੱਚ ਘਿਉ ਪਾਉਣ ਨਾਲ
ਧਰਮ ਨਹੀਂ ਸੀ ਬਚਦਾ
ਅਸੀਂ ਪੂਰਾ ਸ਼ਹਿਰ ਹੀ ਕੁੰਡ ਬਣਾ ਦਿੱਤਾ
-----
ਧਰਮ ਨੂੰ ਪੈਦਾ ਹੋਇਆ ਖ਼ਤਰਾ
ਟਲ ਗਿਆ ਹੈ
ਪਰ ਅੱਧਾ ਸ਼ਹਿਰ ਹੀ
ਬਚਿਆ ਹੈ
-----
ਸਾਡੇ ਅੰਦਰਲੀ ਵਾਜ
ਹਾਲੇ ਵੀ ਆ ਰਹੀ ਹੈ
ਬਾਕੀ ਬਚੇ ਸ਼ਹਿਰ ਨੂੰ
ਸੰਭਾਲ ਰਹੀ ਹੈ
---------------------------
_________________

 

 

(ਸੁਖਪਾਲ )

(( ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))

22 Feb 2014

Reply