ਆ ਬੱਦਲਾਂ ’ਤੇ
ਊੜਾ ਲਿਖੀਏ
ਉੱਡੀਏ ਹੋਰ ਉਚੇਰੇ
ਅੱਖਰ ਪੜ੍ਹੀਏ
ਗਿਆਨ ਵਧਾਈਏ
ਹੋਵਣ ਦੂਰ ਹਨੇਰੇ।
ਆ ਪੌਣਾਂ ’ਤੇ
ਆੜਾ ਪਾਈਏ
ਮਾਣੀਏ ਠੰਢੀਆਂ ਛਾਵਾਂ,
ਮਾਂ-ਬੋਲੀ ਤੋਂ
ਸਦਕੇ ਜਾਈਏ
ਦੇਣ ਅਸੀਸਾਂ ਮਾਂਵਾਂ।
ਆ ਰੁੱਖਾਂ ’ਤੇ
ਸੱਸਾ ਲਿਖੀਏ
ਰੁਮਕਣ ਪੱਤਰ ਸਾਵੇ,
ਕੌੜੀਆਂ ਗੈਸਾਂ
ਨੱਸਣ ਇੱਥੋਂ
ਹਰ ਕੋਈ ਮੁਸਕਾਏ।
ਆ ਫੱਟੀ ’ਤੇ
ਲੀਕਾਂ ਵਾਹੀਏ
ਸੁੰਦਰ ਹੋਏ ਲਿਖਾਈ,
ਸ਼ੁੱਧ ਬੋਲੀਏ
ਸ਼ੁੱਧ ਲਿਖ ਹੋਵੇ
ਗੱਲ ਸਮਝ ਹੈ ਆਈ।
ਆ ਧਰਤੀ ’ਤੇ
ਅੱਖਰ ਪਾਈਏ
ਮਿੱਟੀ ਉਪਜੇ ਦਾਣੇ,
ਮਿਹਨਤ ਦਾ ਫ਼ਲ
ਮਿੱਠਾ ਹੁੰਦਾ
ਕਹਿੰਦੇ ਸੱਚ ਸਿਆਣੇ।
ਆ ਪਾਣੀ ’ਚ
ਰੰਗ ਘੋਲੀਏ
ਚਿੱਤਰ ਵਾਹੀਏ ਪਿਆਰੇ,
ਪੰਛੀ ਉੱਡਦੇ
ਅੰਬਰ ਤੱਕੀਏ
ਸੁੰਦਰ ਵੇਖ ਨਜ਼ਾਰੇ।
ਆ ਸੂਰਜ ਨੂੰ
ਮਿੱਤਰ ਮੰਨੀਏ
ਜੋ ਚਾਨਣ ਦਾ ਵਣਜਾਰਾ,
ਘਰ-ਘਰ ਖੇੜਾ
ਖ਼ੁਸ਼ੀਆਂ ਨੱਚਣ
ਜੱਗ ਇਹ ਬੜਾ ਪਿਆਰਾ।
ਆ ਫੁੱਲਾਂ ਨੂੰ
ਗੀਤ ਸੁਣਾਈਏ
ਖਿੰਡ ਜਾਵਣ ਖ਼ੁਸ਼ਬੋਈਆਂ,
ਵਿੱਦਿਆ ਫੈਲੇ
ਚਾਨਣ ਹੋਏ
ਸੋਚਾਂ ਹੋਣ ਨਰੋਈਆਂ।
-ਮਨਮੋਹਨ ਸਿੰਘ ਦਾਊਂ