|
ਵਕਤ ਗੁੰਮ ਸੁੰਮ |
ਉਡੀਕਦੇ ਹਾਂ ਕਿਤੇ ਵਕਤ ਨੂੰ, ਖੰਭ ਲਗ ਜਾਂਦੇ, ਸਾਡੇ ਮੁਹੱਲੇ ਵੀ ਫੇਰਾ ਮਾਰਦਾ, ਸਾਡੇ ਬਨੇਰੇ ਵੀ ਕਾਂ ਬੋਲਦਾ, ਪ੍ਰਹੁਣਾ ਸਾਡੇ ਘਰ ਵੱਲ ਨੂੰ ਮੁੱੜਦਾ, ਗਵਾਂਢਣ ਦਾ ਮੁੰਡਾ ਜੀਜਾ ਕਹਿ, ਲੱਤਾਂ ਨੂੰ ਚੰਬੜ ਜਾਂਦਾ, ਤੇ ਪੁੱਛਦਾ ਭੈਣ ਪਿੱਛੇ ਆਉਂਦੀ ਏ, ਜਵਾਬ ਸੁਣੇ ਬਗੈਰ ਫਿਰਨੀ ਨੂੰ ਭੱਜ ਪੈਂਦਾ, ਰੌਲਾ ਸੁਣ ਤਾਈ ਗੁਵਾਂਢਣ, ਗਲੀ ਨੂੰ ਭੱਜਦੀ ਮੂੰਹ ਮੱਥਾ ਚੁੰਮਦੀ, ਕੁੜੀ ਦਾ ਹਾਲ ਪੁੱਛਦੀ, ਕੁੜਮਾਂ ਦੀ ਸੁੱਖ ਸਾਂਦ ਪੁੱਛਦੀ, ਜਵਾਬ ਨਾ ਮੰਗਦੀ, ਆਪਣੇ ਘਰ ਨੂੰ ਖਿੱਚਦੀ, ਕਮਲੀ ਹੋਈ ਨੂੰਹ ਤੇ ਕੁੜੀਆਂ ਨੂੰ ਝਾੜਦੀ, ਮੰਜੇ ਤੇ ਤਲਾਈ ਤੇ ਖੇਸ ਖਿਲਾਰਦੀ, ਤੇ ਹੋਲੀ ਜਹੀ ਮੱਥੇ ਹੱਥ ਮਾਰਦੀ, ਤੇ ਕਹਿੰਦੀ ਮੇਰੀ ਮਤ ਮਾਰੀ ਗਈ, ਚੌਂਤਰੇ 'ਚ ਸੰਗਦੀ ਬੈਠੀ ਧੀ ਤੇ ਨੂੰਹ ਤੋਂ , ਝੱਟ ਕਾਹੜਨੇ ਵੱਲ ਕਰ ਇਸ਼ਾਰਾ , ਕੜੇ ਵਾਲਾ ਗਰਮ ਦੁੱਧ ਦਾ ਗਲਾਸ, ਕੜਛੀ ਮਲਾਈ ਦੀ ਪਾਕੇ ਸਕਰ, ਕੜਛੀ ਦੀ ਡੰਡੀ ਨਾਲ ਘੋਲਦੀ, ਚੁੰਨੀ ਦੇ ਪੱਲੇ ਨਾਲ ਫੜ ਕੋਲ ਬਹਿ ਮੰਜੇ ਤੇ, ਗੱਲ ਕਰਨ ਨਾ ਦੇਂਦੀ, ਚਾਂਈਂ ਭੱਜੀ ਫਿਰਦੀ ਕੰਧ ਤੋਂ ਅਵਾਜ ਦੇਂਦੀ, ਨੀ ਜੀਤੋ ਪ੍ਰਹੁਣਾ ਆਇਆ ਈ, ਬਸ ਸਾਰੇ ਮੁਹਲੇ 'ਚ ਰੌਲਾ ਪੈ ਗਿਆ, ਸਮਾਂ ਗੁਜਰਦਾ ਗਿਆ ਮੁੜ ਨਹੀਂ ਆਇਆ, ਨਵਾਂ ਪ੍ਰਹੁਣਾ ਚੁੱਪ ਚਾਪ ਆਉਂਦੈ, ਗੁੰਮ ਸੁੰਮ ਚਲੇ ਜਾਂਦੈ, ਕਾਸ਼ ਵਕਤ ਮੁੜ ਆਉਂਦਾ, ਵਰਤਮਾਨ ਸ਼ਾਇਦ ਉਸਨੂੰ ਗਲੇ ਲਗਾਉਂਦਾ.....................
|
|
11 Apr 2015
|