ਪਿਆਰ,
ਅਖੇ ਇਹ ਸ਼ਬਦ ਹੁਣ ਬੇਅਰਥ ਹੈ ਮੇਰੇ ਲਈ,
ਸੁਣਨ ’ਚ ਵੀ ਅਜੀਬ ਜਿਹਾ ਲੱਗਦੈ,
ਜੋ ਕਦੇ ਅਸੀਂ ਕੀਤਾ ਸੀ,
ਕਦੇ ਆਖਦੇ ਸੀ ਮੈਨੂੰ
ਕਿ ਤੇਰਾ ਪਿਆਰ ਮੈਨੂੰ ਅਫ਼ੀਮ ਜਿਹਾ ਲੱਗਦੈ..
ਮੁੜ੍ਹ ਉਹੀ ਸੱਜਣਾ ਨੂੰ
ਇਹ ਸਭ ਬਚਪਨਾ ਜਾਪਦੈ..
ਜੇ ਕਿਸੇ ਦੀ ਰੂਹ ਨੂੰ ਮੁਹੱਬਤ ਕਰਨਾ
ਤੁਹਾਡੇ ਮੁਤਾਬਕ ਬਚਪਨਾ ਹੈ,
ਹਾਂ,
ਫ਼ਿਰ ਮੈਨੂੰ ਖੁਸ਼ੀ ਹੈ ਕਿ ਮੈਂ ਇਆਣਾ ਹਾਂ..
ਜੇ ਸਿਰਫ਼ ਆਪਣੇ ਪਿਆਰੇ ਦੇ,
ਸਾਥ ਦਾ ਨਿੱਘ ਮਾਨਣ ਲਈ,
ਆਪਣੀ ਜ਼ਿੰਦਗੀ ਦੀ ਲੀਹ ਬਦਲਣ ਨੂੰ
ਤੁਸੀਂ ਪਾਗਲਪਨ ਕਹਿੰਦੇ ਹੋ,
ਹਾਂ,
ਫ਼ਿਰ ਮੈਂ ਪਾਗਲ ਹਾਂ....
ਜੇ ਦਿਲ ਦੀ ਖੁਸ਼ੀ ਲਈ,
ਆਪਣੀ ਜ਼ਿੰਦਗੀ ਭਰ ਦੀ ਕਮਾਈ,
ਆਪਣਾ ਸ਼ੌਂਕ, ਚਾਅ
ਸੱਧਰਾਂ ਦੀ ਫ਼ੁਲਵਾੜ੍ਹੀ ਨੂੰ
ਲਾਂਬੂ ਲਾਉਣਾ ਬੇਵਕੂਫ਼ੀ ਹੈ,
ਹਾਂ,
ਫ਼ਿਰ ਮੈਂ ਬੇਵਕੂਫ਼ ਹਾਂ....
ਇਹਨਾਂ ਸਭ ਬਾਂਝੋਂ ਵੀ,
ਜੇ ਯਾਰ ਵੱਲੋਂ
ਵਖਰੇਵੇਂ ਦਾ ਅਹਿਸਾਸ ਮਿਲਦਾ ਰਹੇ,
ਫ਼ੇਰ,
ਫ਼ੇਰ ਜ਼ਿੰਦਗੀ ਤੁਰ ਪੈਂਦੀ ਹੈ,
ਨੀਵਾਣ ਵੱਲ...
ਸੁੱਕ ਜਾਂਦੀ ਹੈ
ਕਿੱਕਰ ਦੇ ਸੱਕ ਵਾਂਗ...
ਕਿਸੇ ਮਾਰੂਥਲੀ ਮੁਸਾਫ਼ਿਰ ਦੇ ਗਲ਼ੇ ਵਾਂਗੂੰ
ਤਰਸ ਜਾਂਦੀ ਹੈ
ਸੱਜਣਾ ਦੇ ਪਿਆਰ ਲਈ...
ਖੁਦ ਇਸ਼ਕ ਦੀ ਪੜਾਈ ਕਰਕੇ
ਜਦ ਯਾਰ ਇਮਤਿਹਾਨ ਤੋਂ ਹੀ
ਕੰਨੀ ਕਤਰਾਉਣ ਲਗ ਜਾਣ...
ਪਿਆਰ ਨੂੰ ਬਚਪਨਾ ਕਹਿੰਦੇ-ਕਹਿੰਦੇ
ਖੁਦ ਇਆਣੇ ਫ਼ੈਸਲੇ ਕਰਨ ਲੱਗ ਜਾਣ....
ਫ਼ੇਰ
ਫ਼ੇਰ ਇਸ਼ਕ ਦੀ ਇਬਾਦਤ ਕਰਦੇ
ਉਸ ਆਸ਼ਿਕ ਦਾ ਫ਼ੇਲ੍ਹ ਹੋਣਾ ਨਿਸ਼ਚਿਤ ਹੋ ਜਾਂਦੈ..
ਖੂਬ ਹੰਢਾਉਂਦੈ ਫ਼ਿਰ
ਕੱਪੜਿਆਂ ਦੀ ਥਾਂ ਹਿਜ਼ਰ ਨੂੰ
ਆਪਣੇ ਤਨ ਤੇ...
ਆਪਣੇ ਮਨ ਤੇ...
ਆਪਣੀ ਇਸ
ਉੱਥਲ਼-ਪੁੱਥਲ਼ ਭਰੀ
ਜ਼ਿੰਦਗੀ ਦੇ ਨਾਲ਼
ਕਿਸੇ ਨਵੇ ਜੀਅ ਨੂੰ ਜੋੜਨ ਬਾਝੋਂ
ਫ਼ਿਰ ਕੱਲਿਆਂ ਰਹਿਣ ਦਾ ਨਿਸ਼ਚਾ
ਤੁਹਾਨੂੰ ਟੱਬਰ ਨਾਲ਼ ਕੀਤਾ ਗੁਨਾਹ ਲੱਗਦੈ,
ਹਾਂ,
ਫ਼ਿਰ ਮੈਂ ਮੁਜਰਿਮ ਹਾਂ ਆਪਣੇ ਪਰਿਵਾਰ ਦਾ....
ਜੇ ਪਿਆਰ ਨੂੰ
ਹੱਡਾ ਵਿੱਚ ਰਚਾ ਕੇ
ਝੂਮਣਾ,
ਤੇ ਮੁੜ ਇਸ ਚੰਦਰੀ ਅਵਸਥਾ ਤੋਂ
ਪਿਆਰ ਦੇ ਉਸ ਨਸ਼ੇ ਤੋਂ
ਉਭਰਨ ਲਈ
ਜੇ ਕਿਸੇ ਦਾ ਸਹਾਰਾ ਲੈਣ ਨੂੰ
ਤੁਸੀਂ ਨਸ਼ਾ ਗਿਣਦੇ ਹੋ,
ਹਾਂ
ਫ਼ਿਰ ਮੈਂ ਸਿਰੇ ਦਾ ਨਸ਼ੇੜ੍ਹੀ ਹਾਂ.....
ਮੇਰੀ ਮਾਸੂਮੀਅਤ
ਮੇਰੇ ਬਚਪਨੇ ਦੇ ਮੱਦੇ ਨਜ਼ਰ
ਜੇ ਤੁਸੀਂ ਮੈਨੂੰ
ਸਾਇਰ, 'ਪਾਕੀਜ਼ਾ' ਦਾ ਆਸ਼ਿਕ ਕਹਿੰਦੇ ਹੋ.
ਹਾਂ
ਫ਼ਿਰ ਮਾਣ ਹੈ ਮੈਨੂੰ ਦੇਬੀ ਜੀ ਦੇ ਬੋਲਾਂ ਤੇ...
ਕਿ ਆਸ਼ਿਕ, ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ
ਪਰ ਜੇ ਤੁਸੀਂ ਸਿਰਫ਼
ਆਪਣੇ ਇਸ਼ਕ ਨੂੰ
ਆਪਣੇ ਮਨ ਦੇ ਜ਼ਲਜ਼ਲੇ ਨੂੰ
ਆਪਣੀ ਭੜ੍ਹਾਸ ਨੂੰ
'ਪਾਕੀਜ਼ਾ' ਦੇ ਇਸ਼ਕ ਨੂੰ
'ਕਲਮ' ਰਾਹੀਂ ਬਿਆਨ ਕਰਨਾ
ਆਸ਼ਿਕੀ, ਸ਼ਾਇਰੀ ’ਚ ਗਿਣਦੇ ਹੋ...
ਮਾਫ਼ ਕਰਨਾ
ਫ਼ਿਰ ਮੈਂ ਨਹੀਂ ਹਾਂ
ਕਲਮ ਦਾ ਆਸ਼ਿਕ
'ਪਾਕੀਜ਼ਾ' ਦਾ ਆਸ਼ਿਕ,
ਹਾਂ
ਫ਼ਿਰ ਮੈਂ ਜਰੂਰ ਚੋਟੀ ਦਾ ਆਲੋਚਕ ਹਾਂ.....
ਗੁਰੀ ਲੁਧਿਆਨਵੀ