|
ਜ਼ਿਕਰ - ਏ - ਬੰਦੇ ਆਮ |
ਗਿਆ ਮੈਂ ਬਾਜ਼ਾਰ ਵਿੱਚ, ਦੋ ਪਹੀਆਂ ਵਾਲੀ ਕਾਰ ਵਿੱਚ ਜਾਂਦਾ ਜਿਵੇਂ ਬੱਕਰਾ, ਕਸਾਈ ਦੀ ਮਜਾਰ ਵਿੱਚ।
ਟੱਲੀਆਂ ਵਜਾਉਂਦਾ ਗਿਆ, ਢੋਲੇ ਦੀਆਂ ਲਾਉਂਦਾ ਗਿਆ ਆਪਾਂ ਕਿਹੜਾ ਤਾਨਸੈਨ, ਲੋਰ ਵਿੱਚ ਗਾਉਂਦਾ ਗਿਆ।
ਲਾਲ ਸੂਹੀ ਬੁੱਲ੍ਹਾਂ ਉੱਤੇ ਲਿਸਟਿਕ ਲਾਈ ਸੀ ਕੈਰੀਅਲ ਦੇ ਉੱਤੇ ਬੈਠੀ ਥੋਡੀ ਭਰਜਾਈ ਸੀ।
ਕੈਟਰੀਨਾ ਕੈਫ ਨੂੰ ਵੀ ਮਾਤ ਪਾਈ ਹੋਈ ਸੀ ਫੁੱਲਾਂ ਵਾਲੀ ਸੁੱਥਣ, ਕਿਆ ਬਾਤ ਪਾਈ ਹੋਈ ਸੀ।
ਆਣ ਕਿਸੇ ਪਿੱਛਿਓਂ ਦੀ ਹੇਕ ਜਿਹੀ ਲਾਈ ਸੀ ਸੋਹਣੀ ਤੀਵੀਂ ਵੇਖ ਉਹਨੇ ਟੱਲੀ ਵੀ ਵਜਾਈ ਸੀ।
ਮੂੰਹ ਵਿੱਚ ਰਹਿਗੀ ਜਿਹੜੀ ਗਾਲ੍ਹ ਮੂੰਹ 'ਚ ਆਈ ਸੀ ਏਦਾਂ ਦੇ ਮੁਲਕ 'ਚ ਜੰਮਣੇ ਨੂੰ ਕੀਹਨੇ ਭਾਰੀ ਪਾਈ ਸੀ?
ਡੰਡੇ ਉੱਤੇ ਕਾਕਾ ਸੀ, ਤੇ ਉਸੇ ਦਾ ਸਿਆਪਾ ਸੀ ਕਹਿੰਦਾ ਮੈਂ ਵੀ ਨਾਲ ਜਾਣਾ, ਹੋਇਆ ਰੋਣ ਹਾਕਾ ਸੀ।
ਜ਼ਿੱਦੀ ਬੜਾ ਮੰਨਿਆ ਨਾ, ਚਾੜ੍ਹਿਆ ਕੁਟਾਪਾ ਸੀ ਕਦੇ ਕਦੇ ਸ਼ੱਕ ਪੈਂਦੈ, ਮੈਂ ਹੀ ਉਹਦਾ ਭਾਪਾ ਸੀ?
ਹੈਂਡਲ ਤੇ ਥੈਲਾ ਸੀ ਤੇ ਰੰਗ ਮਟਮੈਲਾ ਸੀ ਓਸ ਥੈਲੇ ਵਿੱਚ ਇੱਕ ਹੋਰ ਪਾਇਆ ਥੈਲਾ ਸੀ।
ਮਹੀਨੇ ਦੀ ਕਮਾਈ ਸੀ, ਜੋ ਬਟੂਏ 'ਚ ਪਾਈ ਸੀ ਐਵੇਂ ਨ੍ਹੀਂ ਬਣਾਇਆ ਹੋਇਆ ਸਾਇਕਲ ਹਵਾਈ ਸੀ।
ਕਾਕੇ ਨੂੰ ਜ਼ੁਰਾਬਾਂ ਸਣੇ ਬੂਟ ਲੈ ਕੇ ਦੇਣੇ ਸੀ ਆਉਣ ਜਾਣ ਲਈ ਦੋ ਸੂਟ ਲੈ ਕੇ ਦੇਣੇ ਸੀ।
ਸੰਗਣ-ਮੰਗਣਾਂ ਦੀ ਵਹੁਟੀ ਨੇ ਵੀ ਲਿਸਟ ਬਣਾਈ ਸੀ ਲੈ ਲੈ ਜੋ ਵੀ ਲੈਣਾ, ਅੱਜ ਸਾਡੀ ਬਾਦਸ਼ਾਹੀ ਸੀ।
ਲੂਣ ਤੇਲ ਆਟਾ, ਦਾਲ਼ਾਂ ਸਭ ਪਈਆਂ ਮੁੱਕੀਆਂ ਮੈਂ ਕਿਹਾ ਭਾਗਵਾਨੇ, ਕੱਢ ਦਿਆਂਗੇ ਧੁੱਕੀਆਂ।
ਸਾਰਾ ਸੌਦਾ ਕਿੱਲੋ-ਕਿੱਲੋ ਫਾਲਤੂ ਪਵਾਲਾਂਗੇ ਅਗਲੇ ਮਹੀਨੇ ਤੱਕ ਸੋਖਿਆਂ ਲੰਘਾਲਾਂਗੇ।
ਦਿੱਤੀ ਹੋਈ ਸਾਢੂ ਨੇ ਕਮੀਜ਼ ਵੀ ਸਿਆਉਣੀ ਸੀ ਨਾਲ ਮੈਚ ਕਰਦੀ, ਪੱਗ ਵੀ ਲਿਆਉਣੀ ਸੀ।
ਮਨ 'ਚ ਸਕੀਮ ਇੱਕ ਫੁਰੀ ਬੜੀ ਵਧੀਆ ਵਾਪਸੀ ਤੇ ਠੇਕਿਓਂ ਅੰਗ੍ਰੇਜ਼ੀ ਵਾਲਾ ਅਧੀਆ।
ਦੋ ਦਿਨ ਰੋਟੀ ਵੀ ਸਵਾਦ ਨਾਲ ਖਾਵਾਂਗੇ ਚਿਰਾਂ ਪਿੱਛੋਂ ਕਿਤੇ ਅੱਜ ਮੀਟ ਵੀ ਬਣਾਵਾਂਗੇ।
ਕਦੇ ਕਦੇ ਪੀਂਦਾ ਹਾਂ, ਨਾਰਾਜ਼ ਨਹੀਓਂ ਹੁੰਦੀ ਏ ਨਿੱਤ ਪੀਣ ਵਾਲੀ ਸਾਡੇ ਖਾਜ ਨਹੀਓਂ ਹੁੰਦੀ ਏ।
ਏਦਾਂ ਈ ਸੋਚਾਂ ਸੋਚਦਿਆਂ ਸ਼ਹਿਰ ਨੇੜੇ ਆ ਗਿਆ ਲੰਘਿਆ ਸਵੇਰਾ ਤੇ ਦੁਪਹਿਰ ਨੇੜੇ ਆ ਗਿਆ।
ਗੁਰੂਦੁਆਰੇ ਦੇ ਮੂਹਰੇ ਜਾ ਬਰੇਕ ਮਾਰੀ ਠੋਕ ਕੇ ਜੀਤੋ ਨੇ ਵੀ ਕੱਢ ਲਏ 10 ਰੁਪਏ ਸੋਚ ਕੇ।
ਬਰਕਤਾਂ ਪਾਵੀਂ ਤੇ ਕਮਾਈ ਵਿੱਚ ਵਾਧਾ ਵੀ ਹੱਥ ਰੱਖੀਂ ਸਿਰ ਤੇ ਤੂੰ ਵਾਹੇਗੁਰੂ ਸਾਡਾ ਵੀ।
ਦਿੱਤੀ ਲੱਤ ਸਾਇਕਲ ਬਾਜ਼ਾਰ ਵਿੱਚ ਵਾੜਿਆ ਘੂਰ ਘੂਰ ਸਾਰਿਆਂ ਦੁਕਾਨਦਾਰਾਂ ਤਾੜਿਆ।
ਆਜੋ ਭਾਜੀ, ਭੈਣਜੀ, ਏਧਰ ਤੁਸੀਂ ਆਓ ਜੀ ਅਪਣੇ ਚਰਨ ਸਾਡੀ ਕੁੱਲੀ ਵਿੱਚ ਪਾਓ ਜੀ।
ਕਾਕਾ ਕਹਿੰਦਾ ਪਹਿਲਾਂ ਸੂਟ ਬੂਟ ਮੈਨੂੰ ਲੈ ਕੇ ਦਿਓ ਲੈਣਾ ਇੱਕ ਪਹੀਆਂ ਵਾਲਾ ਊਠ ਮੈਨੂੰ ਲੈ ਕੇ ਦਿਓ।
ਜੱਕੋ ਤਕੀ ਵਿੱਚ ਘਰਵਾਲੀ ਵੱਲ੍ਹ ਮੁੜਿਆ ਕਹਿੰਦੀ ਪਹਿਲਾਂ ਸੌਦਾ, ਸਬਜ਼ੀ ਮੰਡੀ ਵੱਲ੍ਹ ਤੁਰ ਆ।
ਲਾਹ ਕੇ ਹੈਂਡਲ ਤੋਂ ਥੈਲਾ ਇੱਕ ਰੇੜ੍ਹੀ ਤੇ ਖਲੋ ਗਏ ਓ ਭਈਆ, ਗੰਢੇ ਕਿਵੇਂ ਲਾਏ ਆਲੂ ਕੀ ਭਾਅ ਹੋ ਗਏ।
ਗੰਢੇ ਲੈ ਲਓ ਸਰਦਾਰ ਜੀ, ਗੰਢਿਆਂ ਦੇ ਕੀ ਕਹਿਣੇ ਐ ਪਹਿਲਾਂ ਯੇਹ ਬਤਾਓ ਤੁਸੀਂ ਕਿੰਨੇ ਕੀਲੋ ਲੈਣੇ ਐ?
ਬੱਲੇ ਓਏ ਭਈਆ, ਤੂੰ ਤਾਂ ਬੰਦਾ ਬੜਾ ਚਾਲੂ ਆ ਪੰਜ ਕਿਲੋ ਗੰਢੇ ਲੈਣੇ, ਪੰਜ ਕਿਲੋ ਆਲੂ ਆ।
ਬੱਲੇ ਸਰਦਾਰ ਜੀ ਕੀਹਦੇ ਨਾਲ ਮਾਰੀ ਠੱਗੀ ਐ ਬੈਂਕ ਕੋਈ ਲੁੱਟਿਆ ਜਾਂ ਲਾਟਰੀ ਕੋਈ ਲੱਗੀ ਐ?
ਬਕਵਾਸ ਬੰਦ ਕਰ ਮੂੰਹ ਨੂੰ ਸੰਭਾਲ਼ ਓਏ ਤੂੰ ਭਈਆ, ਅਸੀਂ ਸਰਦਾਰ ਤੈਨੂੰ ਏਨਾ ਵੀ ਨ੍ਹੀਂ ਖਿਆਲ ਓਏ?
ਬੀਸ ਰੁਪਏ ਆਲੂ ਹੈ ਤੇ ਸਾਠ ਰੁਪਏ ਗੰਢਾ ਹੈ ਕਲ ਰੇਟ 80 ਥਾ, ਆਜ ਕੁਛ ਠੰਢਾ ਹੈ।
ਤੇਰਾ ਦਿਮਾਗ ਠੀਕ ਐ, ਲੁੱਟ ਪਾਈ ਹੋਈ ਐ ਵਹੁਟੀ ਕਹਿੰਦੀ ਚੱਲੋ ਜੀ, ਅੱਗ ਲਾਈ ਹੋਈ ਐ।
ਹਿੱਲਿਆ ਦਿਮਾਗ ਸੀ ਟਿਕਾਣੇ ਉੱਤੇ ਆ ਗਿਆ ਪੰਜ ਕਿੱਲੋ ਗੰਢਿਆਂ ਤੋਂ ਪਾਈਆ ਉੱਤੇ ਆ ਗਿਆ।
ਟਮਾਟਰ ਆਲੂ ਮਿਰਚਾਂ, ਲਿਆ ਜੋ ਵੀ ਸਰਿਆ ਦੋ ਥੈਲੇ ਆਂਦੇ ਸੀ ਤੇ ਇੱਕ ਵੀ ਨ੍ਹੀਂ ਭਰਿਆ।
ਸੋ ਤੋਂ ਥੱਲੇ ਦਾਲ਼ ਨ੍ਹੀਂ, ਚਾਹ-ਮਿੱਠੇ ਅੱਤ ਚੁੱਕੀ ਐ ਸਾਡੀ ਕਿਹੜਾ ਚਾਹ ਬਿਨਾਂ ਪੈਨਸ਼ਨ ਰੁਕੀ ਐ।
ਦੋ ਕਿੱਲੋ ਖੰਡ ਪਾਈਆ ਚਾਹ ਪੱਤੀ ਤੋਲ ਦੇਹ ਪਾਈਆ ਪਾਈਆ ਦਾਲ਼ਾਂ ਪਾਕੇ ਬਾਕੀ ਪੈਹੇ ਮੋੜ ਦੇਹ।
ਲਹਿ ਗਿਆ ਸਾਰਾ ਹੀ ਖ਼ੁਮਾਰ ਵੱਡੇ ਸੇਠ ਦਾ ਬਟੂਏ ਦੇ ਵੱਲ੍ਹ ਕਦੀ ਵਹੁਟੀ ਵੱਲ੍ਹ ਵੇਖਦਾ।
ਭੌਰਾ ਨ੍ਹੀਂ ਸ਼ਰਮ ਤੇਰੀ ਅਕਲ ਵਿੱਚ ਗਿੱਟਿਆਂ ਵੇਖ ਕਿਵੇਂ ਪੌਡਰ ਦੇ ਨਾਲ ਬੂਥਾ ਲਿੱਪਿਆ।
ਤੇਰੇ ਮੇਕਅੱਪ ਨੇ ਕੰਗਾਲ ਕੀਤੇ ਹੋਏ ਐ ਬੁੱਲ੍ਹ, ਬਾਂਦਰ ਦੇ ਢੂਹੇ ਵਾਂਗੂੰ ਲਾਲ ਕੀਤੇ ਹੋਏ ਐੇ।
ਬੇ ਤਰਤੀਬੀ ਹੋ ਗਈ ਸਾਰੀ ਤਰਤੀਬ ਦੀ ਕੀ ਬੋਲਦੀ ਉਹ, ਸੁਣਦਾ ਵੀ ਕੋਣ ਹੈ ਗਰੀਬ ਦੀ।
ਥਾਏਂ ਝਾੜ ਦੇਣੀ ਸੀ, ਜਵਾਰ ਕੱਢ ਲੈਣਾ ਸੀ ਵਹੁਟੀ ਅੱਗੋਂ ਬੋਲਦੀ ਗੁਬਾਰ ਕੱਢ ਲੈਣਾ ਸੀ।
ਖਊਂ-ਖਊਂ ਬਾਪੂ ਜੀ ਦੀ ਫੇਰ ਅੱਗੇ ਪੈ ਗਈ ਦਵਾਈ ਵਾਲੀ ਪਰਚੀ ਜੇਬ੍ਹ ਵਿੱਚ ਈ ਰਹਿ ਗਈ।
ਪਹੀਆਂ ਵਾਲਾ ਊਠ, ਸੂਟ-ਬੂਟ ਸਭ ਰੁਲ਼ ਗਏ ਸਾਡੀ ਬਾਦਸ਼ਾਹੀ ਦੇ ਸਬੂਤ ਸਬ ਰੁਲ਼ ਗਏ।
ਨਿੱਕਾ ਜਿਹਾ ਜੁਆਕ ਬੜੇ ਮਨ ਵਿੱਚ ਚਾਅ ਸੀ ਭਰ ਆਈਆਂ ਅੱਖਾਂ ਉੱਚੀ ਕੱਢਿਆ ਨਾ ਸਾਹ ਸੀ।
ਗਰਮੀ ਦੇ ਨਾਲ ਪਿਆ ਪੂੰਝਦਾ ਪਸੀਨੇ ਨੂੰ ਪਤਾ ਨਹੀਂ ਕੀ ਹੋਗਿਆ ਏ ਸਾਇਕਲ ਕਮੀਨੇ ਨੂੰ।
ਠਿੱਲ੍ਹਦਾ ਨ੍ਹੀਂ ਅੱਗੇ ਮੈਂ ਤਾਂ ਵਾਹ ਪੂਰੀ ਲਾਈ ਐ ਸੜਕ ਵੀ ਠੀਕ ਨਾ ਕੋਈ ਰਾਹ 'ਚ ਚੜ੍ਹਾਈ ਐ।
ਮੱਥੇ ਵੱਟ ਪਾਕੇ ਗੁਰੂਦੁਆਰੇ ਕੋਲੋਂ ਲੰਘਿਆ ਬਰਕਤ ਮੰਗੀ ਸੀ, ਖਜ਼ਾਨਾ ਤੇ ਨਹੀਂ ਮੰਗਿਆ।
ਛੱਡ ਯਾਰ ਪੱਥਰਾਂ ਤੇ ਆਸ ਲਾਈ ਬੈਠਾ ਏਂ ਐਵੇਂ ਸੁੱਕੇ ਢੀਂਗਰ ਪਿਆਸ ਲਾਈ ਬੈਠਾ ਏਂ।
ਮਾੜਿਆਂ ਨੂੰ ਚੰਗੀਆਂ ਨਸੀਬ ਨਹੀਂਓਂ ਹੁੰਦੀਆਂ ਗਰੀਬਾਂ ਦੀਆਂ ਚਿੱਠੀਆਂ ਰਸੀਦ ਨਹੀਂਓਂ ਹੁੰਦੀਆਂ।
ਸਾਇਕਲ ਲਾਇਆ ਕੰਧ ਨਾਲ ਬਟੂਏ ਨੂੰ ਝਾੜਿਆ ਖੁਦ ਨੂੰ ਬੀਮਾਰਾਂ ਵਾਂਗੂੰ ਮੰਜੇ ਉੱਤੇ ਮਾਰਿਆ।
ਸਿਰ ਫੜੀ ਬੈਠੀ ਏਂ, ਮਰਲੈ, ਕੁਸ਼ ਕਰ ਲੈ ਹੋਰ ਨਹੀਂ ਤਾਂ ਦੋ ਘੁੱਟ ਚਾਹ ਦੇ ਈ ਧਰਲੈ।
ਚਾਹ ਪੀ ਕੇ ਆਈ ਜਿਉਂ ਸਰੀਰ ਵਿੱਚ ਸੱਤਿਆ ਸਾਇਕਲ ਤੇ ਲੱਤ ਦਿੱਤੀ, ਚੱਲ ਮੇਰੇ ਯੱਕਿਆ।
ਸਰਪੰਚਾਂ ਦਾ ਵਾੜਾ ਏ ਤੇ ਲੱਗਾ ਹੋਇਆ 'ਖਾੜ੍ਹਾ ਏ ਹਰ ਕੋਈ ਲੋਰ ਵਿੱਚ ਲਾਉਂਦਾ ਪਿਆ ਹਾੜ੍ਹਾ ਏ।
ਸਿਰ ਫੜ ਲੈਂਦੀ ਐ, 'ਗਰੇਜ਼ੀ ਦਾ ਤਾਂ ਯੱਭ ਐ ਘਰੇ ਕੱਢੀ ਹੋਈ ਦਾ ਸਵਾਦ ਈ ਅਲੱਗ ਐ।
ਦੋ-ਤਿੰਨ ਪੈੱਗ ਪੀਕੇ ਮਘਦਾ ਡਰਾਮਾ ਏ ਸੋਨੀਆ ਕੀਹਦੀ ਮਾਸੀ ਐ ਤੇ ਬਾਦਲ ਕੀਹਦਾ ਮਾਮਾ ਏ?
ਤੁਹਾਡੀ ਮਾਂ ਦੀ ਤੁਹਾਡੀ ਭੈਣ, ਕੁੱਤਿਓ ਹਰਾਮੀਓ ਲੁੱਟ ਦਿਓ ਮਾਸੜੋ ਤੇ ਭੁੱਖ ਦੀਓ ਨਾਨੀਓ।
ਪੰਜ ਰੁਪਏ ਢਿੱਡ ਦੱਸੋ ਕਿਹੜੇ ਸ਼ਹਿਰ ਭਰਦਾ ਲੁੱਟ ਖਾ ਗਏ ਦੇਸ਼ ਤੁਹਾਡਾ ਅਜੇ ਵੀ ਨ੍ਹੀਂ ਸਰਦਾ।
ਗਰੀਬਾਂ ਦੀ ਗਰੀਬੀ ਦਾ ਮਜ਼ਾਕ ਪਏ ਉਡਾਉਂਦੇ ਓ ਸਾਡੇ ਸਿਵੇ ਬਾਲ਼ ਚੁੱਲ੍ਹੇ ਅਪਣੇ ਤਪਾਉਂਦੇ ਓ।
ਡਾਲਰ ਚੁੱਕ ਦਿੰਦੇ ਓ, ਰੁਪੱਈਆ ਡੇਗ ਲੈਂਦੇ ਓ ਗਰੀਬਾਂ ਦਿਆਂ ਜਜ਼ਬਾਤਾਂ ਨਾਲ ਚੰਗਾ ਖੇਡ ਲੈਂਦੇ ਓ।
ਐਵੇਂ ਰਹਿੰਦੇ ਬਕਦੇ ਇਹ ਭਾਰਤ ਮਹਾਨ ਏ ਜਿਊਣਾ ਔਖਾ ਕਰਿਆ ਮਹਿੰਗਾਈ ਥੋਡੀ ਮਾਂ ਨੇ।
ਛੱਡ ਯਾਰ ਐਵੇਂ ਕਾਹਨੂੰ ਮੱਥਾ ਮਾਰੀ ਜਾਂਦਾ ਏਂ ਮੀਸਣਿਆਂ ਅੱਗੇ ਐਵੇਂ ਸੰਘ ਪਾੜੀ ਜਾਂਦਾ ਏਂ।
ਡਾਹਢਿਆਂ ਦੀ ਚਾਲ ਤੇ ਹਮ੍ਹਾਤੜਾਂ ਦੇ ਹਾਲ ਨੇ ਗੈਰਤ ਹੈ ਪੱਲੇ, ਭਾਵੇਂ ਮੁੱਢ ਤੋਂ ਕੰਗਾਲ ਨੇ।
ਕੋਠਾ ਭਾਵੇਂ ਵਿਕ ਜਾਏ, ਸ਼ਤੀਰ ਨਹੀਓਂ ਵੇਚਦੇ ਅਸੀਂ ਉਨ੍ਹਾਂ ਵਿੱਚੋਂ ਜੋ ਜ਼ਮੀਰ ਨਹੀਓਂ ਵੇਚਦੇ।
ਗੱਗ-ਬਾਣੀ ਵਿੱਚ ਹੁੰਦਾ ਏ ਜ਼ਿਕਰ ਬੰਦੇ ਆਮ ਦਾ ਜੀਹਨੂੰ ਕੋਈ ਬੇਰੀਆਂ ਦੇ ਵੱਟੇ ਵੀ ਨਹੀਂ ਜਾਣਦਾ।
|
|
03 Sep 2013
|