ਗ਼ਜ਼ਲ ਦਾ ਹਰਫ਼ ਹਰਫ਼ ਮਹਿਕਦਾ ਗੁਲਾਬ ਬਣ ਗਿਆ।
ਮੈਂ ਰਾਤ ਜੋ ਕਿਹਾ, ਸਵੇਰ ਨੂੰ ਅਜ਼ਾਬ ਬਣ ਗਿਆ।
ਤਮਾਮ ਉਮਰ ਏਸ ਨੂੰ ਨਾ ਪਰ ਕਰ ਸਕਾਂਗਾ ਮੈਂ,
ਜਾਂ ਨੈਣ ਤੂੰ ਭਰੇ ਮੇਰੇ ਲਈ ਚਨਾਬ ਬਣ ਗਿਆ।
ਅਜੇ ਕਥਾ ਬਣੀ ਸੀ ਤੂੰ ਕਿ ਡਰ ਗਈ ਜਹਾਨ ਤੋਂ,
ਮੈਂ ਡੋਲਿਆ ਨਾ ਥਿੜਕਿਆ, ਬੇਸ਼ਕ ਕਿਤਾਬ ਬਣ ਗਿਆ।
ਤੂੰ ਮਹਿਕ ਬਣ ਕੇ ਜਾਂ ਉਡੀ , ਮੈਂ ਫੇਰ ਵੀ ਦੁਆ ਕਰੀ,
ਹੈ ਤੇਰਾ ਹੀ ਕਰਮ ਮੈਂ ਖਾਕ ਤੋਂ ਗੁਲਾਬ ਬਣ ਗਿਆ।
ਹਰੇਕ ਵਰਕ ਜ਼ਿੰਦਗੀ , ਅਜ਼ਾਬ ਸੀ ਜਾਂ ਹਾਦਸਾ,
ਤੂੰ ਵਰਕ ਵਰਕ ਜੋੜਿਆ ਮੈਂ ਆਫਤਾਬ ਬਣ ਗਿਆ।
ਤਲਾਸ਼ ਦਾ, ਪਿਆਸ ਦਾ, ਮੈਂ ਕਿਸ ਨੂੰ ਦਰਦ ਆਖਦਾ,
ਤੂੰ ਬਣ ਗਿਆ ਨਦੀ , ਕਦੇ ਸਰਾਬ ਬਣ ਗਿਆ ।