|
|
|
|
|
|
Home > Communities > Punjabi Culture n History > Forum > messages |
|
|
|
|
|
|
ਪੰਜਾਬੀ ਲੋਕ-ਸਾਹਿਤ |
ਪੰਜਾਬੀ ਲੋਕ-ਸਾਹਿਤ ਪੰਜਾਬੀ ਸਾਹਿਤ ਦਾ ਮਹੱਤਵਪੂਰਨ ਅਤੇ ਨਿੱਗਰ ਭਾਗ ਹੈ। ਪੰਜਾਬੀ ਲੋਕ-ਸਾਹਿਤ ਦੀ ਅਸਲ ਅਤੇ ਵਡੇਰੀ ਪਰੰਪਰਾ ਮੌਖਿਕ ਹੈ। ਪਿਛਲੇ ਕੁਝ ਵਰਿਆ ਵਿੱਚ ਅੰਸ਼ਿਕ ਰੂਪ ਵਿੱਚ ਇਸ ਨੂੰ ਲਿਪੀ-ਬੱਧ ਕਰਨ ਦੇ ਉਦਮ ਹੋਏ ਹਨ। ਪੰਜਾਬੀ ਲੋਕ-ਸਾਹਿਤ ਵਿੱਚ ਲੋਕ-ਗੀਤ (ਸੁਹਾਗ , ਘੋੜੀਆਂ, ਸਿਠਣੀਆਂ , ਢੋਲੇ , ਟੱਪੇ,ਬੋਲਿਆਂ ,ਮਾਹੀਏ , ਅਲਾਹੁਣੀਆਂ , ਆਦਿ) ਲੋਕ ਵਾਰਤਕ ਬਿਰਤਾਂਤ ( ਬਾਤਾਂ, ਸਾਖੀਆਂ , ਮਿੱਥ-ਕਥਾਵਾਂ, ਦੰਤ-ਕਥਾਵਾਂ, ਪਰੀ-ਕਥਾਵਾਂ, ਪੀ੍ਤ-ਕਥਾਵਾਂ ਆਦਿ) ਅਤੇ ਬੁਝਾਰਤਾਂ , ਅਖਾਣ ਆਦਿ ਸ਼ਾਮਿਲ ਹਨ।
ਲੋਕ-ਸਾਹਿਤ ਹਮੇਸ਼ਾਂ ਵਿਸ਼ਿਸ਼ਟ ਸਾਹਿਤ* ਨੂੰ ਪੇ੍ਰਨਾ ਤੇ ਸ਼ਕਤੀ ਪ੍ਰਦਾਨ ਕਰਦਾ ਰਿਆ ਹੈ। ਪਰ ਲੋਕ ਸਹਿਤ ਦੀ ਵਡਿਆਈ ਇਸ ਵਿੱਚ ਝਲਕਦੇ ਸੱਭਿਆਚਾਰਿਕ ਰੰਗ ਕਾਰਨ ਹੁੰਦੀ ਹੈ।ਲੋਕ-ਸਾਹਿਤ ਲੋਕਾਂ ਦੀਆਂ ਰੀਝਾਂ,ਉਮੰਗਾਂ ਅਤੇ ਦੁੱਖਾਂ-ਗ਼ਮਾਂ ਸਮੇਤ ਵਿਸ਼ਵਾਸਾਂ , ਧਾਰਨਾਵਾਂ , ਰਹੁ-ਰੀਤੀਆਂ,ਰੂੜੀਆਂ ਆਦਿ ਨਾਲ ਓਤਪੋਤ ਹੁੰਦਾ ਹੈ।
ਲੋਕ-ਸਾਹਿਤ ਦੀ ਕਿਸੇ ਵੀ ਰਚਨਾ ਦਾ ਮੂਲ-ਰੂਪ ਵਿੱਚ ਕੋਈ ਨਾ ਕੋਈ ਗੁਮਨਾਮ ਰਚਨਾਕਾਰ ਹੁੰਦਾ ਹੈ।ਉਹ ਰਚਨਾ ਲੋਕ-ਮਨ ਨੂੰ ਟੁੰਬਦੀ ਹੈ।ਫਿਰ ਜਿਉਂ-ਜਿਉਂ ਮੋਖਿਕ ਰੂਪ ਵਿੱਚ ਅੱਗੇ ਚਲਦੀ ਹੈ,ਇਸ ਵਿੱਚ ਘਾਟੇ-ਵਾਧੇ ਵੀ ਹੋਈ ਜਾਂਦੇ ਹਨ ਅਤੇ ਲੋਕ ਮਨ ਅਨੁਸਾਰ ਇਸ ਦਾ ਤਰਾਸ਼ਿਆ ਤੇ ਸੰਵਰਿਆ ਰੂਪ ਵੀ ਬਣਦਾ ਰਹਿੰਦਾ ਹੈ।
ਅਜੋਕੇ ਸਮੇਂ ਵਿੱਚ ਲੋਕ-ਸਾਹਿਤ ਲਿਪੀ-ਬੱਧ ਕੀਤਾ ਜਾਣਾ ਸ਼ੁਰੂ ਹੋਇਆ ਹੈ, ਪਰ ਇਹ ਗੋੜੇ੍ ਵਿੱਚੋਂ ਇੱਕ ਪੂਣੀ ਕੱਤਣ ਜਿਹੀ ਹੀ ਗੱਲ ਹੈ।ਬਹੁਤ ਸਾਰਾ ਲੋਕ-ਸਾਹਿਤ ਅਜੇ ਸਾਂਭਣ ਵਾਲਾ ਹੈ।ਇਹ ਸਾਡੀ ਭਾਂਸ਼ਾ ਅਤੇ ਸੱਭਿਆਚਾਰ ਦਾ ਅਮੀਰ ਖ਼ਜਾਨਾ ਹੈ।
- ਸੁਹਾਗ
- ਘੋੜੀਆਂ
- ਸਿੱਠਣੀਆਂ
- ਟੱਪਾ
- ਬੋਲੀਆਂ (ਲੰਮੀਆਂ)
- ਮਿੱਥ-ਕਥਾਵਾਂ
|
|
15 Jan 2010
|
|
|
|
ਸਿੱਠਣੀਆਂ:
ਸਿੱਠਣੀ ਲੋਕ-ਕਾਵਿ ਰੂਪ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਹੈ। ਇਹ ਔਰਤਾਂ ਦੇ ਲੋਕ-ਗੀਤ ਹਨ। ਕੁੜੀ ਦੇ ਵਿਆਹ ਵੇਲੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧਿਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ-ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ ਇੱਕ ਤਰ੍ਹਾਂ ਮਿੱਠੀਆਂ ਗਾਲਾਂ ਹਨ। ਸਿੱਠਣੀਆਂ ਵੰਨਗੀ ਦੇ ਲੋਕ-ਗੀਤ ਸਦਾ ਨਿਵਦੀ ਰਹੀ ਕੁੜੀ ਵਾਲਿਆਂ ਦੀ ਧਿਰ ਵਲੋਂ ਗੁਭ-ਗਭਾਟ ਕੱਢਣ ਦਾ ਵਸੀਲਾ ਬਣਦੀਆਂ ਹਨ। ਉਂਞ ਵੀ ਸਿੱਠਣੀਆਂ ਹਾਸ-ਰਸ ਨਾਲ ਭਰਪੂਰ ਹੋਣ ਕਾਰਨ ਮਾਹੌਲ ਨੂੰ ਸਾਂਵਾਂ ਅਤੇ ਸੁਖਾਵਾਂ ਬਣਾ ਦਿੰਦੀਆਂ ਹਨ। ਇਹਨਾਂ ਵਿੱਚ ਲੁਕੇ ਵਿਅੰਗ, ਕਟਾਖਸ਼ ਤੇ ਮਸ਼ਕਰੀਆਂ ਵਿਆਹ ਦੀ ਖ਼ੁਸ਼ੀ ਦੇ ਵਾਤਾਵਰਨ ਨੂੰ ਵਿਸ਼ੇਸ਼ ਰੰਗ ਦਿੰਦੀਆਂ ਹਨ। ਵਿਆਹ ਦਾ ਮੌਕਾ, ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਧੇਜਾਂ ਤੇ ਸੰਕੋਚਾਂ ਤੋਂ ਕੁਝ ਖੁੱਲ੍ਹ ਵੀ ਦੇ ਦਿੰਦਾ ਹੈ।
ਸਿੱਠਣੀਆਂ ਵਿੱਚ ਆਮ ਤੌਰ 'ਤੇ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ-ਪਾਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ-ਵੰਨ ਉੱਤੇ ਟਕੋਰਾਂ ਕਸੀਆਂ ਜਾਂਦੀਆਂ ਹਨ। ਇਹਨਾਂ ਵਿੱਚ ਮੁੰਡੇ ਅਤੇ ਉਸਦੇ ਪਿਉ ਨੂੰ ਤਾਂ ਸਿੱਧੇ ਤੌਰ 'ਤੇ ਮਖੌਲ ਕੀਤਾ ਹੀ ਜਾਂਦਾ ਹੈ। ਉਸ ਦੇ ਘਰ ਬੈਠੀਆਂ ਭੈਣਾਂ, ਮਾਂ ਅਤੇ ਹੋਰ ਨੇੜਲੇ ਰਿਸ਼ਤੇ ਦੀਆਂ ਇਸਤਰੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਇਹ ਸਾਰਾ ਕੁਝ ਕਲਪਿਤ ਅਤੇ ਫਰਜ਼ੀ ਹੁੰਦਾ ਹੈ, ਇਸ ਲਈ ਸਿੱਠਣੀਆਂ ਰਾਹੀਂ ਕੀਤੇ ਵਿਅੰਗ ਦੀ ਕੋਈ ਸੀਮਾ ਨਹੀਂ ਹੁੰਦੀ। ਮੁੰਡੇ ਦੇ ਮਾਂ-ਪਿਉ ਦੀ ਸਰੀਰਿਕ ਬਣਤਰ, ਉਸ ਦੇ ਪਿਛੋਕੜ ਬਾਰੇ ਅਤੇ ਉਸ ਦੇ ਘਰ ਦੀ ਕੰਜੂਸੀ, ਆਲਸ, ਮੂਰਖਤਾ ਆਦਿ ਬਾਰੇ ਚੋਭਾਂ ਮਾਰੀਆਂ ਜਾਂਦੀਆਂ ਹਨ। ਵਿਆਹ ਸੰਬੰਧਾਂ ਰਾਹੀਂ ਬਣੇ ਉਚੇਚੇ ਰਿਸ਼ਤੇਦਾਰਾਂ, ਜਿਨ੍ਹਾਂ ਦੀਆਂ ਉਂਞ ਸੌ-ਸੌ ਖਾਤਰਾਂ ਕੀਤੀਆਂ ਜਾਂਦੀਆਂ ਹਨ, ਨੂੰ ਸਿੱਠਣੀਆਂ ਦੇ ਕੇ ਉਹਨਾਂ ਪ੍ਰਤੀ ਸੰਕੋਚ ਤੇ ਝਿਜਕ ਨੂੰ ਘਟਾਇਆ ਜਾਂਦਾ ਹੈ।
|
|
15 Jan 2010
|
|
|
|
ਸਿੱਠਣੀਆਂ ਔਰਤਾਂ ਵੱਲੋਂ ਰਲ ਕੇ ਦਿੱਤੀਆਂ ਜਾਂਦੀਆਂ ਹਨ, ਇਸ ਲਈ ਗਾਉਣ ਦੀ ਲੋੜ ਮੁਤਾਬਿਕ ਇਹਨਾਂ ਵਿੱਚ ਮੌਕੇ ਅਨੁਸਾਰ ਵਾਧਾ ਘਾਟਾ ਕਰ ਲਿਆ ਜਾਂਦਾ ਹੈ। ਇਸ ਵੰਨਗੀ ਦੇ ਲੋਕ-ਗੀਤ ਦੀ ਮਹੱਤਤਾ ਇਸ ਕਾਰਨ ਵੀ ਹੈ ਕਿ ਇਹ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਤੇ ਹਾਸ-ਰਸ ਨਾਲ ਭਰਪੂਰ ਸੁਭਾ ਦੇ ਅਨੁਕੂਲ ਹੋਣ ਦੇ ਨਾਲ ਨਾਲ ਲੋਕ-ਮਨ ਦੀਆਂ ਕਈ ਅਣਫੋਲੀਆਂ ਡੂੰਘੀਆਂ ਪਰਤਾਂ ਨੂੰ ਉਜਾਗਰ ਕਰਦੇ ਹਨ।
ਕੁਝ ਸਿੱਠਣੀਆਂ ਪੇਸ਼ ਕਰ ਰਹੇ ਹਾਂ:
- ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ। ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ। ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ। ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਲ੍ਹੀ ਵੀ ਨਾ। ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ।
- ਬਾਰਾਂ ਮਹੀਨੇ ਅਸਾਂ ਤੱਕਣ ਤੱਕਿਆ,
ਫੇਰ ਵੀ ਲਾੜਾ ਤੁਸੀਂ ਕਾਲਾ ਈ ਰੱਖਿਆ, ਸਾਬਣ ਲਾਣਾ ਸੀ। ਸਾਬਣ ਲਾਣਾ ਸੀ। ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਕੋਰੀ ਤੇ ਤੌੜੀ ਅਸਾਂ ਰਿੰਨ੍ਹੀਆਂ ਗੁੱਲੀਆਂ, ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲ੍ਹੀਆਂ। ਰੋਟੀ ਖਵਾਉਣੀ ਪਈ, ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਇਹਨੀਂ ਕਰਤੂਤੀਂ ਤੁਸੀਂ ਰਹੇ ਕੁਆਰੇ, ਕਰਤੂਤ ਤੇ ਛਿਪਦੀ ਨਹੀਂ, ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਪੈਸਾ-ਪੈਸਾ ਸਾਡੇ ਪਿੰਡ ਦਿਓ ਪਾਓ, ਲਾੜੇ ਜੋਗਾ ਤੁਸੀਂ ਵਾਜਾ ਮੰਗਾਓ। ਜੰਞ ਤੇ ਸੱਜਦੀ ਨਹੀਂ, ਨਿਲੱਜਿਓ, ਲੱਜ ਤੁਹਾਨੂੰ ਨਹੀਂ।
|
|
15 Jan 2010
|
|
|
|
ਕੀ ਗੱਲ ਪੁੱਛਾਂ ਲਾੜਿਆਂ ਵੇ, ਕੀ ਗੱਲ ਪੁੱਛਾਂ ਵੇ, ਨਾ ਤੇਰੇ ਦਾੜ੍ਹੀ ਭੌਂਦੂਆ ਵੇ, ਨਾ ਤੇਰੇ ਮੁੱਛਾਂ ਵੇ। ਬੋਕ ਦੀ ਲਾ ਲੈ ਦਾੜ੍ਹੀ, ਚੂਹੇ ਦੀਆਂ ਮੁੰਛਾਂ ਵੇ।
ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ, ਲਾੜੇ ਦੀ ਬੋਬੋ ਐਂ ਬੈਠੀ ਜਿਉਂ ਕੀਲੇ ਬੰਨ੍ਹਿਆ ਰਿੱਛ।
ਲਾੜੇ ਦੇ ਪਿਉ ਦੀ ਦਾੜ੍ਹੀ ਦੇ ਦੋ ਕੁ ਵਾਲ, ਦੋ ਕੁ ਵਾਲ, ਦਾੜ੍ਹੀ ਮੁੱਲ ਲੈ ਲੈ ਵੇ, ਮੁੱਛਾਂ ਵਿਕਣ ਬਾਜ਼ਾਰ।
ਮੁੱਛਾਂ ਤਾਂ ਤੇਰੀਆਂ ਵੇ ਮਨਸਿਆ, ਜਿਉ ਬਿੱਲੀ ਦੀ ਵੇ ਪੂਛ, ਕੈਂਚੀ ਲੈ ਕੇ ਮੁੰਨ ਦਿਆਂ, ਵੇ ਤੂਨੂੰ ਦੂਣਾ ਚੜ ਜੂ, ਮੈਂ ਸੱਚ ਆਖਦੀ, ਵੇ ਰੂਪ।
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ। ਲਾੜਾ ਬੈਠਾ ਐਂ ਜਾਪੇ, ਜਿਉਂ ਛੱਪੜ ਕੰਢੇ ਡੱਡੂ। ਅਸਾਂ ਨਾ ਲੈਣੇ ਪੱਤਾਂ ਬਾਝ ਕਰੇਲੇ, ਲਾੜੇ ਦਾ ਚਾਚਾ ਐਂ ਝਾਕੇ ਜਿਵੇਂ ਚਾਮਚੜਿਕ ਦੇ ਡੇਲੇ।
ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ। ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ। ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ। ਖਾ ਰਹੇ ਹੋ ਤਾਂ ਉੱਠੋ ਸਹੀ।
ਜਾਂਞੀਆਂ ਨੂੰ ਖਲ ਕੁੱਟ ਦਿਓ, ਜਿਨ੍ਹਾਂ ਧੌਣ ਪੱਚੀ ਸੇਰ ਖਾਣਾ, ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ।
ਬੀਬੀ ਲਾਡਲੀ ਨੀ ਰੋਟੀ ਪਿੱਛੋਂ ਮੰਗੇ ਖੀਰ। ਬੀਬੀ ਦਾ ਬਾਪੂ ਐਂ ਬੈਠਾ, ਜਿਉਂ ਰਾਜਿਆਂ ਵਿੱਚ ਵਜ਼ੀਰ।
ਸਭ ਗੈਸ ਬੁਝਾ ਦਿਓ ਜੀ, ਸਾਡਾ ਕੁੜਮ ਬੈਟਰੀ ਵਰਗਾ। ਸਭ ਮਿਰਚਾਂ ਘੋਟੋ ਜੀ, ਸਾਡਾ ਕੁੜਮ ਘੋਟਣੇ ਵਰਗਾ। ਮਣ ਮੱਕੀ ਪਿਹਾ ਲਉ ਜੀ, ਸਾਡਾ ਕੁੜਮ ਵਹਿੜਕੇ ਵਰਗਾ।
|
|
15 Jan 2010
|
|
|
|
ਟੱਪੇ: ਇਹ ਇਕਹਿਰੀ ਤੁਕ ਵਾਲਾ ਲੋਕ-ਗੀਤ ਹੈ। ਇਸ ਨੂੰ ਢੋਲਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਂਦਾ ਹੈ। ਇਹ ਗਿੱਧੇ ਦੀਆਂ ਬੋਲੀਆਂ ਦੀ ਇੱਕ ਵੰਨਗੀ ਹੈ। ਇਸ ਨੂੰ ਇੱਕ ਤੁਕੀ ਜਾਂ ਇਕਹਿਰੀ ਬੋਲੀ ਵੀ ਕਿਹਾ ਜਾਂਦਾ ਹੈ।
ਜਦੋਂ ਗਿੱਧਾ ਜਾਂ ਭੰਗੜਾ ਮੱਧਮ ਚਾਲ ਵਿੱਚ ਹੋਵੇ ਤਾਂ ਨਾਲੋ ਨਾਲ ਉਚਾਰੇ ਜਾਂਦੇ ਟੱਪੇ ਖ਼ੂਬ ਰੰਗ ਬੰਨ੍ਹਦੇ ਹਨ। ਟੱਪੇ ਨੂੰ ਲਮਕਾ ਕੇ ਗਾਉਣ ਲਈ ਕਈ ਵਾਰ ਬੱਲੇ ਬੱਲੇ ਵੀ ਜੋੜ ਲਿਆ ਜਾਂਦਾ ਹੈ।
ਟੱਪੇ ਵਿੱਚ ਅਕਸਰ ਇੱਕ ਬਿੰਬ ਅਰਥਾਤ ਇੱਕ ਸ਼ਾਬਦਿਕ-ਚਿੱਤਰ ਹੁੰਦਾ ਹੈ ਜਿਸ ਕਾਰਨ ਟੱਪੇ ਵਿੱਚ ਕਾਵਿਕਤਾ ਝਲਕ-ਝਲਕ ਪੈਂਦੀ ਹੈ। ਆਮ ਤੌਰ 'ਤੇ ਟੱਪੇ ਦੇ ਪਹਿਲੇ ਅੱਧ ਤੇ ਅੰਤ ਉੱਤੇ ਦੀਰਘ ਸਵਰ ਆਉਂਦਾ ਹੈ। ਇੱਥੇ ਠਹਿਰਾਉ ਆਉਂਦਾ ਹੈ। ਇਸ ਨਾਲ ਟੱਪੇ ਨੂੰ ਦੋਵੇਂ ਪਾਸਿਆਂ ਤੋਂ ਚੁੱਕਿਆ ਜਾ ਸਕਦਾ ਹੈ ਜਿਵੇਂ:
ਪੱਕੀ ਰਹਿਗੀ ਵੇ ਤਵੇ 'ਤੇ ਰੋਟੀ, ਬਸਰੇ ਨੂੰ ਤੁਰ ਚੱਲਿਆ,
ਇਸ ਨੂੰ ਇਉਂ ਵੀ ਉਚਾਰਿਆ ਜਾ ਸਕਦਾ ਹੈ:
ਬਸਰੇ ਨੂੰ ਤੁਰ ਚੱਲਿਆ, ਪੱਕੀ ਰਹਿਗੀ ਵੇ ਤਵੇ 'ਤੇ ਰੋਟੀ
ਟੱਪੇ ਵਿੱਚ ਇਕਹਿਰਾ ਭਾਵ ਪ੍ਰਗਟ ਹੋਇਆ ਹੁੰਦਾ ਹੈ। ਰਚਨਾ ਪੱਖੋਂ ਇਸ ਵਿੱਚ ਸੰਜਮ, ਸਹਿਜ, ਸਰਲਤਾ ਤੇ ਅਜੀਬ ਤਿੱਖਾਪਣ ਹੁੰਦਾ ਹੈ। ਵੱਖ-ਵੱਖ ਟੱਪਿਆਂ ਵਿੱਚ ਜੀਵਨ ਦੇ ਅਨੇਕ ਰੰਗਾਂ ਤੇ ਸਥਿਤੀਆਂ ਬਾਰੇ ਨਿੱਕੀਆਂ-ਨਿੱਕੀਆਂ ਟਿੱਪਣੀਆਂ ਹੁੰਦੀਆਂ ਹਨ। ਲੋਕ-ਸਿਆਣਪਾਂ, ਲੋਕ-ਨੀਤੀਆਂ, ਜੀਵਨ ਦੀ ਅਸਥਿਰਤਾ, ਵੱਖ-ਵੱਖ ਰਿਸ਼ਤਿਆਂ ਦਾ ਨਿੱਘ ਤੇ ਤਣਾਉ, ਅਸੰਗਤੀਆਂ ਅਤੇ ਜੀਵਨ ਦੀਆਂ ਖ਼ੂਬਸੂ੍ਰਤੀਆਂ ਦੀ ਨਿੱਕੀ-ਨਿੱਕੀ ਝਲਕ ਇਹਨਾਂ ਟੱਪਿਆਂ ਵਿੱਚ ਪ੍ਰਗਟ ਹੁੰਦੀ ਹੈ।
|
|
15 Jan 2010
|
|
|
|
|
ਕਈ ਟੱਪੇ ਅਖਾਉਤਾਂ ਤੇ ਵਿਸ਼ੇਸ਼ ਕਾਵਿ-ਤੁਕਾਂ ਵਾਂਗ ਵੱਖ-ਵੱਖ ਸਥਿਤੀਆਂ ਵਿੱਚ ਜ਼ਿਕਰਯੋਗ ਵੀ ਹੁੰਦੇ ਹਨ। ਇੱਥੇ ਅਸੀਂ ਕੁਝ ਚੋਣਵੇਂ ਟੱਪੇ ਪੇਸ਼ ਕਰ ਰਹੇ ਹਾਂ।
- ਤੂੰ ਕਿਹੜਿਆਂ ਰੰਗਾਂ ਵਿੱਚ ਖੇਲ੍ਹੇਂ,
ਮੈਂ ਕੀ ਜਾਣਾ ਤੇਰੀ ਸਾਰ ਨੂੰ।
- ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇਂ ਤੀਰਥਾਂ 'ਤੇ।
- ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।
- ਜਿਹੜੇ ਕਹਿੰਦੇ ਸੀ ਮਰਾਂ ਗੇ ਨਾਲ ਤੇਰੇ,
ਛੱਡ ਕੇ ਮੈਦਾਨ ਭੱਜ ਗਏ।
- ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ,
ਪਾਣੀ ਨਾਲੋਂ ਪੈਗੇ ਪਤਲੇ।
- ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ।
- ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,
ਮੁੱਲ ਪੈਂਦੇ ਅਕਲਾਂ ਦੇ।
- ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ।
- ਉੱਚਾ ਹੋ ਗਿਆ ਅੰਬਰ ਦਾ ਰਾਜਾ,
ਰੋਹੀਆਂ 'ਚ ਹਾਅੜ ਬੋਲਿਆ।
- ਗਿੱਧਿਆਂ 'ਚ ਨੱਚਦੀ ਦਾ,
ਤੇਰਾ ਦੇਵੇ ਰੂਪ ਦੁਹਾਈਆਂ।
- ਨਿੰਮ ਦੇ ਸੰਦੂਖ ਵਾਲੀਏ,
ਕਿਹੜੇ ਪਿੰਡ ਮੁਕਲਾਵੇ ਜਾਣਾ।
- ਦੁੱਧ ਰਿੜਕੇ ਝਾਂਜਰਾਂ ਵਾਲੀ,
ਕੈਂਠੇ ਵਾਲਾ ਧਾਰ ਕੱਢਦਾ।
- ਚਰਖੇ ਦੀ ਘੂਕ ਸੁਣ ਕੇ,
ਜੋਗੀ ਉੱਤਰ ਪਹਾੜੋਂ ਆਇਆ।
- ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿਜੀਂ ਵੀਰਨਾ।
- ਕਾਲੀ ਡਾਂਗ ਮੇਰੇ ਵੀਰ ਦੀ,
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ।
- ਮੇਰਾ ਵੀਰ ਧਣੀਏ ਦਾ ਬੂਟਾ,
ਆਉਂਦੇ ਜਾਂਦੇ ਲੈਣ ਵਾਸ਼ਨਾ।
|
|
15 Jan 2010
|
|
|
|
ਮਾਂਵਾਂ ਨੂੰ ਪੁੱਤ ਐਂ ਮਿਲਦੇ, ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ।
ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ।
ਧਨ ਜੋਬਨ ਫੁੱਲਾਂ ਦੀਆਂ ਵਾੜੀਆਂ, ਸਦਾ ਨਹੀਂ ਅਬਾਦ ਰਹਿਣੀਆਂ।
ਤਿੰਨ ਰੰਗ ਨਹੀਉਂ ਲੱਭਣੇ, ਹੁਸਨ, ਜੁਆਨੀ, ਮਾਪੇ।
ਨਹੀਉਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।
ਕਿਤੇ ਲਿੱਪਣੇ ਨਾ ਪੈਣ ਬਨੇਰੇ, ਪੱਕਾ-ਘਰ ਟੋਲੀਂ ਬਾਬਲਾ।
ਕਿਹੜੇ ਹੌਸਲੇ ਲੰਬਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ।
ਕੱਟ ਦੇ ਫਰੰਗੀਆਂ ਨਾਮਾ, ਇੱਕੋ ਪੁੱਤ ਮੇਰੀ ਸੱਸ ਦਾ।
ਹਾੜ੍ਹੀ ਵਢੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ।
ਚਿੱਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ।
ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ, ਤੂੰ ਤਾਂ ਮੇਰੀ ਕੂੜ ਦੀ ਮਾਂ ਏਂ।
ਜੱਗ ਜੀਉਣ ਵੱਡੀਆਂ ਭਰਜਾਈਆਂ, ਪਾਣੀ ਮੰਗਾਂ ਦੁੱਧ ਦੇਂਦੀਆਂ।
ਮੁੰਡੇ ਮਰਗੇ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ।
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲ੍ਹਕ ਗਿਆ।
|
|
15 Jan 2010
|
|
|
|
ਬੋਲੀਆਂ(ਲੰਮੀਆਂ):
ਲੰਮੀਆਂ ਬੋਲੀਆਂ ਸਮੂਹਕ ਰੂਪ ਵਿੱਚ ਗਾਇਆ ਜਾਣ ਵਾਲ਼ਾ ਲੋਕ-ਕਾਵਿ ਹੈ। ਇਸ ਵਿੱਚ ਪਹਿਲੀਆਂ ਤੁਕਾਂ ਦਾ ਤੋਲ ਅਤੇ ਤੁਕਾਂਤ ਲਗ-ਪਗ ਬਰਾਬਰ ਹੁੰਦਾ ਹੈ। ਆਖਰੀ ਤੁਕ ਜਿਸ ਨੂੰ ਤੋੜਾ ਕਿਹਾ ਜਾਂਦਾ ਹੈ ਲਗ-ਪਗ ਅੱਧੀ ਹੁੰਦੀ ਹੈ। ਬੋਲੀ ਨੂੰ ਮਰਦ ਵੀ ਗਾਉਂਦੇ ਹਨ ਅਤੇ ਔਰਤਾਂ ਵੀ। ਮਰਦ ਇਸ ਨੂੰ ਭੰਗੜੇ ਵਿੱਚ ਗਾਉਂਦੇ ਹਨ ਅਤੇ ਔਰਤਾਂ ਗਿੱਧੇ ਵਿੱਚ ਗਾਉਂਦੀਆਂ ਹਨ। ਮਰਦਾਂ ਦੀਆਂ ਬੋਲੀਆਂ ਵਿੱਚ ਮਰਦਾਂ ਦੀ ਦਿ੍ਸ਼ਟੀ ਤੋਂ ਸੰਸਾਰ ਨੂੰ ਵੇਖਿਆ ਗਿਆ ਹੈ। ਇਹਨਾਂ ਵਿੱਚ ਇਸਤਰੀ-ਰੂਪ ਦੀ ਵਡਿਆਈ, ਕਿਸਾਨੀ ਜੀਵਨ ਦੇ ਅਨੁਭਵ ਵਿੱਚ ਆਉਂਦੀ ਪ੍ਰਕਿਰਤੀ,ਫ਼ਸਲੀ-ਚਕਰ,ਮੇਲੇ ਤਿਉਹਾਰ,ਆਰਥਿਕ ਤੇ ਸਮਾਜਿਕ ਪਹਿਲੂ ਝਲਕਦੇ ਹਨ। ਪੰਜਾਬੀਆਂ ਦਾ ਜੀਵਨ-ਅਨੁਰਾਗ ਅਤੇ ਬ੍ਰਹਿਮੰਡ ਨਾਲ਼ ਇਕਸੁਰਤਾ ਦੀ ਚੇਸ਼ਟਾ ਵੀ ਇਹਨਾਂ ਬੋਲੀਆਂ ਵਿੱਚ ਪ੍ਰਗਟ ਹੋਈ ਹੈ। ਔਰਤਾਂ ਦੀਆਂ ਬੋਲੀਆਂ ਵਿੱਚ ਉਹਨਾਂ ਦੀ ਹਰ ਜੀਵਨ-ਅਵਸਥਾ ਦੇ ਅਨੁਭਵ ਤੇ ਮਾਨਸਿਕਤਾ ਅਤੇ ਜਜ਼ਬਾਤੀ ਘੁਟਣ ਨੂੰ ਪ੍ਰਗਟਾਵਾ ਮਿਲਿਆ ਹੈ। ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈਂ ਥਾਂਈ ਅਨੁਭਵ ਦੀ ਸਾਂਝ ਵੀ ਮਿਲਦੀ ਹੈ।
ਲੰਮੀ ਬੋਲੀ ਗਾਉਣ ਸਮੇਂ ਪਹਿਲਾਂ ਇੱਕ ਜਣਾ ਬੋਲੀ ਸ਼ੁਰੂ ਕਰਦਾ ਹੈ। ਗਾਉਣ ਸਮੇਂ ਟੋਲੀ ਦੇ ਬਾਕੀ ਮੈਂਬਰ ਨਾਲ਼ੋ-ਨਾਲ਼ ਹੁੰਗਾਰਾ ਭਰਦੇ ਹਨ ਜੋ ਕਈ ਵਾਰੀ ਪ੍ਰਸ਼ਨ ਰੂਪ ਵਿੱਚ ਜਾਂ ਵਿਸਮਿਕ ਬੋਲੀ ਦੇ ਰੂਪ ਵਿੱਚ ਹੁੰਦਾ ਹੈ। ਜਿਵੇਂ ਜਦੋਂ ਬੋਲੀ ਗਾਉਣ ਵਾਲ਼ਾ ਗਾਉਂਦਾ ਹੈ- 'ਬਾਰ੍ਹੀਂ ਬਰਸੀਂ ਖੱਟਣ ਗਿਆ', ਬਾਕੀ ਟੋਲੀ ਪੁੱਛਦੀ ਹੈ, 'ਕੀ ਖੱਟ ਕੇ ਲਿਆਂਦਾ?' ਜਾਂ ਫਿਰ ਉਹ 'ਬੱਲੇ ਬੱਲੇ' 'ਵਾਹ ਬਈ ਵਾਹ' ਆਦਿ ਬੋਲ ਕੇ ਇਸ ਗਾਇਨ ਨੂੰ ਸਮੂਹਿਕ ਬਣਾਉਂਦੇ ਹਨ। ਜਦੋਂ ਬੋਲੀ ਮੁਕੰਮਲ ਹੋਣ 'ਤੇ ਆਉਂਦੀ ਹੈ ਤਾਂ ਤੋੜੇ ਦੀ ਤੁਕ ਨੂੰ ਭੰਗੜੇ ਜਾਂ ਗਿੱਧੇ ਦੀ ਤਿੱਖੀ ਲੈਅ ਵਿੱਚ ਸਾਰੇ ਰਲ਼ ਕੇ ਗਾਉਂਦੇ ਹਨ। ਇਸ ਨੂੰ ਬੋਲੀ ਗਾਉਣ ਦੀ ਸਿਖਰ ਕਿਹਾ ਜਾਂਦਾ ਹੈ।
ਇਸ ਲੇਖ ਲਈ ਵੰਨਗੀ ਵਜੋਂ ਅੱਠ ਲੰਮੀਆਂ ਬੋਲੀਆਂ ਦੀ ਚੋਣ ਕੀਤੀ ਗਈ ਹੈ:
|
|
15 Jan 2010
|
|
|
|
ਧਰਤੀ ਜੇਡ ਗ਼ਰੀਬ ਨਾ ਕੋਈ ਧਰਤੀ ਜੇਡ ਗ਼ਰੀਬ ਨਾ ਕੋਈ, ਇੰਦਰ ਜੇਡ ਨਾ ਦਾਤਾ। ਲਛਮਣ ਜੇਡ ਜਤੀ ਨਾ ਕੋਈ, ਰਾਮ ਜੇਡ ਨਾ ਭਰਾਤਾ। ਬਰ੍ਹਮਾ ਜੇਡ ਨਾ ਪੰਡਤ ਕੋਈ, ਸੀਤਾ ਜੇਡ ਨਾ ਮਾਤਾ। ਬਾਬੇ ਨਾਨਕ ਜੇਡ ਭਗਤ ਨਾ ਕੋਈ, ਜ੍ਹੀਨੇ ਹਰ ਕਾ ਨਾਮ ਜਪਾਤਾ। ਦੁਨੀਆਂ ਧੰਦ ਪਿੱਟਦੀ। ਰੱਬ ਸਭਨਾਂ ਦਾ ਦਾਤਾ ...!
ਪਿੰਡ ਤਾਂ ਸਾਡੇ ਪਿੰਡ ਤਾਂ ਸਾਡੇ ਡੇਰਾ ਸਾਧ ਦਾ, ਮੈਂ ਸੀ ਗੁਰਮੁਖੀ ਪੜ੍ਹਦਾ। ਬਹਿੰਦਾ ਸਤਿਸੰਗ 'ਚ, ਮਾੜੇ ਬੰਦੇ ਕੋਲ ਨੀ ਖੜ੍ਹਦਾ। ਜੇਹੜਾ ਫੁੱਲ ਵਿੱਛੜ ਗਿਆ, ਮੁੜ ਨੀ ਬੇਲ 'ਤੇ ਚੜ੍ਹਦਾ। ਬੋਲੀਆਂ ਪੌਣ ਦੀ ਹੋਗੀ ਮਨਸ਼ਾ, ਆ ਕੇ ਗਿੱਧੇ ਵਿੱਚ ਵੜਦਾ। ਨਾਲ ਸ਼ੌਕ ਦੇ ਪਾਵਾਂ ਬੋਲੀਆਂ, ਮੈਂ ਨੀ ਕਿਸੇ ਤੌਂ ਡਰਦਾ। ਨਾਉਂ ਪਰਮੇਸ਼ਰ ਦਾ, ਲੈ ਕੇ ਗਿੱਧੇ ਵਿੱਚ ਵੜਦਾ...!
******* ਹੋਗੀ-ਹੋ ਗਈ; ਬੇਲ-ਵੇਲ; ਮਨਸ਼ਾ-ਇੱਛਾ; ਪੌਣ-ਪਾਉਣ; ਨੀ-ਨਹੀਂ ।
|
|
15 Jan 2010
|
|
|
|
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਲੱਲ਼ੀਆਂ, ਉੱਥੋਂ ਦੇ ਦੋ ਬਲ਼ਦ ਸੁਣੀਂਦੇ ਗਲ ਵਿੱਚ ਉਹਨਾਂ ਦੇ ਟੱਲੀਆਂ ਭੱਜ-ਭੱਜ ਕੇ ਉਹ ਮੱਕੀ ਬੀਜਦੇ ਗਿੱਠ-ਗਿੱਠ ਲੱਗੀਆਂ ਛੱਲੀਆਂ ਮੇਲਾ ਮੁਕਸਰ ਦਾ ਦੋ ਮੁਟਿਆਰਾਂ ਚੱਲੀਆ...!
ਕਾਲ਼ਿਆ ਹਰਨਾ ਕਾਲ਼ਿਆ ਹਰਨਾ ਰੋਹੀਏਂ ਫਿਰਨਾ, ਤੇਰੇ ਪੈਰੀਂ ਝਾਂਜਰਾਂ ਪਾਈਆਂ। ਸਿੰਗਾਂ ਤੇਰਿਆਂ 'ਤੇ ਕੀ ਕੁਸ਼ ਲਿਖਿਆ, ਤਿੱਤਰ ਤੇ ਮੁਰਗਾਈਆਂ। ਚੱਬਣ ਨੂੰ ਤੇਰੇ ਮੋਠ ਬਾਜਰਾ, ਪਹਿਨਣ ਨੂੰ ਮੁਗਲਾਈਆਂ। ਅੱਗੇ ਤਾਂ ਟੱਪਦਾ ਨੌਂ-ਨੌਂ ਕੋਠੇ, ਹੁਣ ਨੀ ਟੱਪੀਦੀਆਂ ਖਾਈਆਂ। ਖਾਈ ਟੱਪਦੇ ਦੇ ਵੱਜਿਆ ਕੰਢਾ, ਦੇਵੇਂ ਰਾਮ ਦੁਹਾਈਆਂ। ਮਾਸ-ਮਾਸ ਤੇਰਾ ਕੁੱਤਿਆਂ ਖਾਧਾ, ਹੱਡੀਆਂ ਰੇਤ ਰਲ਼ਾਈਆਂ। ਜਿਉਣੇ ਮੌੜ ਦੀਆਂ ਸਤ ਰੰਗੀਆਂ ਭਰਜਾਈਆਂ...!
|
|
15 Jan 2010
|
|
|
|
|
|
|
|
|
|
|
|
|
|
|
|