|
 |
 |
 |
|
|
Home > Communities > Punjabi Poetry > Forum > messages |
|
|
|
|
|
|
ਪੰਜਾਬੀ ਗਜ਼ਲ-ਸੰਗ੍ਰਿਹ |
Kindly Share Punjabi Ghazals Here
|
|
30 Jun 2010
|
|
|
ਗਜ਼ਲ |
ਪਹਿਲਾਂ ਦਿਲ 'ਤੇ ਚੋਟਾਂ ਸਹਿ, ਫੇਰ ਕੋਈ ਸ਼ੇਅਰ 'ਗਜ਼ਲ' ਦਾ ਕਹਿ ! ਜੇਕਰ ਆਪਣੇ ਯਾਰ ਨੂੰ ਮਿਲਣਾ, ਵਾਂਗ ਨਦੀ ਦੇ ਤੁਰਿਆ ਰਹਿ ! ਗੱਲ ਨੂੰ ਗੁੜ ਦੇ ਵਾਂਗ ਪਕਾ, ਜਾਹ ਜਿੱਥੇ ਤੱਕ ਗੱਲ ਦੀ ਤਹਿ ! ਮਹਿਲਾਂ ਦੇ ਵੱਲ ਵੇਖ ਨਾ ਯਾਰਾ, ਯਾਰ ਦੀ ਕੁੱਲੀ ਦੇ ਵਿੱਚ ਬਹਿ ! ਚੜਨਾਂ ਯਾਰ ਦੇ ਨੈਣੀਂ ਚੜ੍ਹ, ਲਹਿਣਾਂ ਯਾਰ ਦੇ ਦਿਲ ਵਿੱਚ ਲਹਿ !
|
|
30 Jun 2010
|
|
|
ਖਿਆਲ .......(ਸਾਧੂ ਸਿੰਘ ਹਮਦਰਦ) |
ਇਹ ਵੀ ਉਸਦਾ ਖਿਆਲ ਹੁੰਦਾ ਏ, ਦੂਰ ਰਹਿ ਕੇ ਵੀ ਨਾਲ਼ ਹੁੰਦਾ ਏ ! ਆਪਣੀ-ਆਪਣੀ ਪਸੰਦ ਹੁੰਦੀ ਏ, ਆਪਣਾ-ਆਪਣਾ ਖਿਆਲ ਹੁੰਦਾ ਏ ! ਖੂਬਸੂਰਤ ਕੋਈ ਨਹੀਂ ਹੁੰਦਾ, ਖੂਬਸੂਰਤ ਖਿਆਲ ਹੁੰਦਾ ਏ ! ਓਨਾ ਪਿਆਰਾ ਓਹ ਖੁਦ ਨਹੀਂ ਹੁੰਦਾ, ਜਿੰਨਾ ਪਿਆਰਾ ਉਸਦਾ ਖਿਆਲ ਹੁੰਦਾ ਏ ! ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ, ਦਿਲ ਮਿਲੇ ਦਾ ਸਵਾਲ ਹੁੰਦਾ ਏ..!! ਓਹਨੂੰ ਰਹਿੰਦਾ ਨਹੀਂ ਕਿਸੇ ਦਾ ਖਿਆਲ, ਜਿਸਨੂੰ ਤੇਰਾ ਖਿਆਲ ਹੁੰਦਾ ਏ..!!
|
|
30 Jun 2010
|
|
|
'ਬੋਲੇ ਕੁੱਝ ਨਹੀਂ'.......(ਗੁਰਦਿਆਲ ਰੌਸ਼ਨ) |
|
ਮੈਂ ਕਿਹਾ ਕੀ ਸੋਚਦੇ ਹੋ ਯਾਰ, ਬੋਲੇ 'ਕੁਝ ਨਹੀਂ' , ਮੈਂ ਓਹਨਾਂ ਨੂੰ ਪੁੱਛਿਆ ਸੌ ਵਾਰ, ਬੋਲੇ 'ਕੁਝ ਨਹੀਂ' , ਮੈਂ ਕਿਹਾ ਮੇਰੀ ਤਰਾਂ ਤੜਪੇ ਕਦੀ ਹੋ ਰਾਤ-ਦਿਨ, ਕੀ ਕਦੇ ਚੇਤੇ ਆਇਆ ਹੈ ਪਿਆਰ, ਬੋਲੇ 'ਕੁਝ ਨਹੀਂ' , 'ਕੁੱਝ ਨਹੀਂ' ਦਾ ਅਰਥ ਮੈਂ ਕੀ ਸਮਝਾਂ, ਦੱਸੋਗੇ ਹੁਜ਼ੂਰ ? ਮੇਰੇ ਮੂੰਹੋਂ ਇਹ ਸੁਣਦੇ ਸਾਰ ਬੋਲੇ 'ਕੁੱਝ ਨਹੀਂ' ! ਫਿਰ ਮਿਲਣ ਦਾ ਵਾਅਦਾ ਕੀ ਇੱਕ ਇਨਕਾਰ ਹੈ ? ਸਿਰ ਹਿਲਾ ਕੇ ਕਰ ਗਏ ਇਨਕਾਰ, ਬੋਲੇ 'ਕੁਝ ਨਹੀਂ' ! ਰੋ ਪਏ ਫਿਰ ਹੱਸ ਪਏ, ਫਿਰ ਹੱਸ ਪਏ ਫਿਰ ਰੋ ਪਏ, ਪੁੱਛਿਆ ਕਾਰਣ ਮੇਰੇ ਦਿਲਦਾਰ, ਬੋਲੇ 'ਕੁਝ ਨਹੀਂ' ! ਹੱਸਦੇ ਸਨ ਖੂਬ ਓਹ, ਤੱਕਦੇ ਵੀ ਮੇਰੇ ਵੱਲ੍ਹ ਰਹੇ, ਪਰ ਓਹ 'ਰੌਸ਼ਨ' ਨਾਲ਼ ਜਾਂਦੀ ਵਾਰ ਬੋਲੇ 'ਕੁੱਝ ਨਹੀਂ'..!!
|
|
|
30 Jun 2010
|
|
|
|
ਨਾ-ਮਨਜ਼ੂਰ ਹੋ ਰਿਹਾ ਹਾਂ ਮੈਂ...
ਤੇਰੇ ਦਰ ਦਾ ਨਾ ਹੋ ਸਕਿਆ ਤੈਥੋਂ ਦੂਰ ਹੋ ਰਿਹਾ ਹਾਂ ਮੈਂ, ਇਹ ਵਕ਼ਤ ਦੀ ਨਜ਼ਾਕਤ, ਕੇ ਮਜਬੂਰ ਹੋ ਰਿਹਾ ਹਾਂ ਮੈਂ...
ਵਕ਼ਤ ਨਜ਼ਮ ਐਸੀ ਪੜ ਰਿਹਾ ਕੇ ਖਾਮੋਸ਼ ਹੋ ਗਿਆ ਹਾਂ.. ਚੰਦਰੀ ਦੁਨੀਆ ਦੀ ਨਜਰੀਂ, ਮਗਰੂਰ ਹੋ ਰਿਹਾ ਹਾਂ ਮੈਂ...
ਪਾ ਇਸ਼ਕ਼ ਆਪਣੇ ਦੇ ਨੈਣੀਂ....... ਤੇਰੇ ਹਿਜਰ ਦਾ ਸੁਰਮਾ.... ਦੋਹਾਂ ਸਾਬਤ ਨੈਣੀਂ ਵੀ, ਬੇ-ਨੂਰ ਹੋ ਰਿਹਾ ਹਾਂ ਮੈਂ...
ਨਾ ਪੁਛ ਕੀ ਆਰਜੂ, ਯਾਂ ਕੀ ਖਵਾਹਿਸ਼ ਹੈ ਮੇਰੀ..... ਭੁੱਲ ਗਿਆ ਹਾਂ ਇਹ ਲਫਜ਼, ਯਾਂ ਦੂਰ ਹੋ ਰਿਹਾ ਹਾਂ ਮੈਂ...
ਭਲਕੇ ਅਰਦਾਸ ਵਿਚ ਹੋ ਸਕੇ ਮੇਰੀ ਮੌਤ ਮੰਗ ਲਵੀਂ... ਇਸ ਦੁਨੀਆਂ ਨੂੰ ਖੌਰੇ, ਨਾ-ਮਨਜ਼ੂਰ ਹੋ ਰਿਹਾ ਹਾਂ ਮੈਂ...
|
|
01 Jul 2010
|
|
|
|
Dr Lok Raj - ਲੋਕ ਰਾਜ |
ਮਾਂ ਦੇ ਹੳਕੇ ਅਤੇ ਦੁਆਵਾਂ ਲੈ ਕੇ ਆਏ ਕੁਝ ਜੀਵਨ ਦੀਆਂ ਧੁੱਪਾਂ ਛਾਵਾਂ ਲੈ ਕੇ ਆਏ
ਮੰਜ਼ਲ ਦਾ ਕੁਝ ਇਲਮ ਨਹੀਂ ਸੀ, ਏਸ ਲਈ ਨਾਲ ਆਪਣੇ, ਚੰਦ ਕੁ ਰਾਹਵਾਂ ਲੈ ਕੇ ਆਏ
ਇਸ ਅੰਜਾਣੀ ਭੀੜ੍ਹ ‘ਚ ਕਈ ਗੁਆਚ ਗਏ ਜੋ ਆਏ, ਆਪਣਾਂ ਸਰਨਾਵਾਂ ਲੈ ਕੇ ਆਏ
ਇਹਨਾਂ ਆਖ਼ਰ ਗਲ ਵਲ ਨੂੰ ਹੀ ਆਉਣਾਂ ਹੈ ਏਹੀ ਸੋਚ ਕੇ ਭੱਜੀਆਂ ਬਾਹਵਾਂ ਲੈ ਕੇ ਆਏ
ਯਾਦ ਵਤਨ ਦੀ ਇੰਝ ਅੱਖੀਆਂ ਭਰ ਜਾਂਦੀ ਹੈ ਜਿਓਂ ਸਾਵਣ ਮੂੰਹ-ਜ਼ੋ਼ਰ ਘਟਾਵਾਂ ਲੈ ਕੇ ਆਏ
|
|
19 Jul 2010
|
|
|
ਗਜ਼ਲ - ਜਸਵਿੰਦਰ ਮਹਿਰਮ |
ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ।
ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ।
-----
ਚਮਕ ਚਿਹਰੇ 'ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ,
ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ।
-----
ਸਮਾਂ ਤਾਂ ਕੱਟ ਲੈਂਦਾ ਆਦਮੀ ਸਭ ਨਾਲ ਪਰ ਫਿਰ ਵੀ,
ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ।
-----
ਤੁਰਾਂਗੇ ਸਾਥ ਰਲ਼ ਮਿਲ਼ ਕੇ, ਕਸਮ ਉਹ ਖਾਣਗੇ, ਲੇਕਿਨ,
ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ।
-----
ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ,
ਅਜੇਹਾ ਮਸ਼ਵਰਾ ਦੇਵੋ, ਜੋ ਹੋਵੇ ਹੌਸਲੇ ਵਰਗਾ।
-----
ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ,
ਜਿਨ੍ਹਾਂ ਦਾ ਜੋਸ਼ ਹੋਵੇ ਢੋਲ 'ਤੇ ਲੱਗੇ ਡਗੇ ਵਰਗਾ।
-----
ਕੁਰਾਹੇ ਪੈ ਗਿਆ ਜੋ, ਹੁਣ ਇਸ਼ਾਰੇ ਕੀ ਭਲਾ ਸਮਝੂ,
ਨਸੀਹਤ ਦਾ ਰਿਹਾ ਉਸ ਤੇ ਅਸਰ ਚਿਕਨੇ ਘੜੇ ਵਰਗਾ।
-----
ਜਿਦ੍ਹੇ 'ਤੇ ਮਾਣ ਹੈ, ਹੱਕ ਹੈ, ਮੁਹੱਬਤ ਹੈ, ਮੁਨਾਸਿਬ ਹੈ,
ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗ਼ੁੱਸੇ ਗਿਲੇ ਵਰਗਾ।
-----
ਕਿਵੇਂ ਉਪਕਾਰ ਕਰ ਸਕਦੈ, ਦੁਬਾਰਾ ਉਸ ਜਗਹ ਕੋਈ,
ਜ਼ਰੂਰਤ ਪੈਣ 'ਤੇ ਜਿੱਥੋਂ, ਜਵਾਬ ਆਵੇ ਟਕੇ ਵਰਗਾ ।
-----
ਕਰੀਂ ਉਸਦਾ ਭਲਾ ਰੱਬਾ, ਮੇਰੇ ਦਿਲ 'ਚੋਂ ਦੁਆ ਨਿਕਲੀ,
ਉਹ ਕਰਦਾ ਹੈ ਬੁਰਾ ਬੇਸ਼ੱਕ, ਬੁਰਾ ਕਰਦੈ ਭਲੇ ਵਰਗਾ।
-----
ਪੁਜਾਰੀ ਪਿਆਰ ਦਾ ਬਣਕੇ, ਮੁਨਾਫ਼ਾ ਭਾਲਦੈ ਇਸ 'ਚੋਂ,
ਨਹੀਂ ਇਹ ਮਾਮਲਾ ਉਸਦਾ, ਦਿਲਾਂ ਦੇ ਮਾਮਲੇ ਵਰਗਾ।
-----
ਕਿਸੇ ਨੂੰ ਖ਼ੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖ,
ਹਮੇਸ਼ਾ ਹੀ ਰਹੇ ਜਿਸਦਾ, ਵਤੀਰਾ ਓਪਰੇ ਵਰਗਾ।
-----
ਛੁਪਾ ਕੇ ਗ਼ਮ, ਖ਼ੁਸ਼ੀ ਵੰਡੇ, ਖ਼ਤਾ ਬਦਲੇ ਵਫ਼ਾ ਪਾਲ਼ੇ,
ਮਿਲੇ ਜਦ ਵੀ, ਮੇਰਾ ਮਹਿਰਮ, ਮਿਲੇ 'ਮਹਿਰਮ' ਤੇਰੇ ਵਰਗਾ।
|
|
19 Jul 2010
|
|
|
ਗ਼ਜ਼ਲ - ਜਸਵਿੰਦਰ ਮਹਿਰਮ |
ਉਹ ਆਕੜ ਵਿੱਚ ਸਹੇ ਦੇ ਵਾਂਗ ਰਾਹ ਵਿੱਚ ਬਹਿ ਗਿਆ ਹੋਣੈ।
ਸਮੇਂ ਦੀ ਦੌੜ ‘ਚੋਂ ਪਿੱਛੇ ਉਹ ਤਾਂ ਹੀ ਰਹਿ ਗਿਆ ਹੋਣੈ।
-----
ਕਦੇ ਭਾਵੁਕ, ਕਦੇ ਮਜਬੂਰ ਕਰਦੇ ਨੇ ਕਿਵੇਂ ਰਿਸ਼ਤੇ,
ਬੜਾ ਕੁਝ ਸੋਚਦਾ ਇਸ ਵਹਿਣ ਵਿੱਚ ਉਹ ਵਹਿ ਗਿਆ ਹੋਣੈ।
-----
ਜ਼ਮਾਨੇ ਦੇ ਸਿਤਮ ਅੱਗੇ, ਜਿਨ੍ਹਾਂ ਦੀ ਪੇਸ਼ ਨਾ ਚੱਲੀ,
ਬਣਾਇਆ ਮਹਿਲ ਖ਼ਾਬਾਂ ਦਾ, ਉਨ੍ਹਾਂ ਦਾ ਢਹਿ ਗਿਆ ਹੋਣੈ।
-----
ਜੋ ਤੁਰਿਆ ਤੋੜ ਕੇ ਬੰਧਨ, ਮੁਕਾ ਕੇ ਸਾਂਝ ਦੇ ਰਿਸ਼ਤੇ,
ਪਿਛਾਂਹ ਤੱਕਦਾ ਸੀ ਉਹ ਮੁੜ-ਮੁੜ, ਅਜੇ ਕੁਝ ਰਹਿ ਗਿਆ ਹੋਣੈ।
-----
ਇਸੇ ਕਰਕੇ ਤੂੰ ਮੰਦਾ ਬੋਲਿਐ ਉਸਨੂੰ ਬਿਨਾਂ ਦੋਸ਼ੋਂ,
ਕਦੇ ਪਹਿਲਾਂ ਉਹ ਚੁੱਪ ਕਰਕੇ ਬੜਾ ਕੁਝ ਸਹਿ ਗਿਆ ਹੋਣੈ।
-----
ਗਿਆ ਗ਼ਮਗੀਨ ਸੀ, ਮੁੜਿਐ ਤਾਂ ਹੌਲ਼ਾ ਫੁੱਲ ਜਿਹਾ ਲੱਗਿਆ,
ਸੁਣਾ ਕੇ ਯਾਰ ਨੂੰ ਦੁੱਖ, ਭਾਰ ਦਿਲ ਤੋਂ ਲਹਿ ਗਿਆ ਹੋਣੈ।
-----
ਉਨ੍ਹਾਂ ਦੀ ਅੱਖ ‘ਚ ਕੰਕਰ ਵਾਂਗ ਰੜਕੇਂ ਨਾ ਕਿਵੇਂ ਤੂੰ ਵੀ,
ਤੇਰਾ ਸੱਚ ਵੀ ਉਨ੍ਹਾਂ ਦੇ ਝੂਠ ਦੇ ਸੰਗ ਖਹਿ ਗਿਆ ਹੋਣੈ।
-----
ਉਡੀਕੇ ਰਾਤ ਦਿਨ ‘ਮਹਿਰਮ’ ਨਿਗਾਹ ਰੱਖਦੈ ਬਰੂਹਾਂ ‘ਤੇ,
‘ਮੈਂ ਪਰਤਾਂਗਾ’, ਕੋਈ ਉਸਨੂੰ ਕਦੇ ਇਹ ਕਹਿ ਗਿਆ ਹੋਣੈ।
|
|
19 Jul 2010
|
|
|
ਗ਼ਜ਼ਲ - ਜਸਵਿੰਦਰ ਮਹਿਰਮ |
ਹਰ ਨਗਰ, ਹਰ ਸ਼ਹਿਰ ਅੱਗ ਵਿੱਚ ਹਰ ਸਮੇਂ ਜਲ਼ਦੇ ਮਿਲ਼ੇ।
ਬੇਬਸੀ ਵਿੱਚ ਲੋਕ ਬੈਠੇ ਹੱਥ ਹੀ ਮਲ਼ਦੇ ਮਿਲ਼ੇ।
-----
ਜੀ ਰਹੇ ਨੇ ਲੋਕ ਬਹੁਤੇ ਕਿਸਮਤਾਂ ਦੇ ਫੇਰ ਵਿੱਚ,
ਜਿਸ ਤਰ੍ਹਾਂ ਦਾ ਵਕ਼ਤ ਆਇਆ ਉਸ ਤਰ੍ਹਾਂ ਢਲ਼ਦੇ ਮਿਲ਼ੇ।
-----
ਕੀ ਕਿਸੇ ‘ਤੇ ਮਾਣ ਕਰਦਾ, ਗ਼ੈਰ ਸੀ ਸਭ ਭੀੜ ਵਿੱਚ,
ਸੀ ਜਿਨ੍ਹਾਂ ‘ਤੇ ਆਸ ਉਹ ਹੀ ਫ਼ਰਜ਼ ‘ਤੋਂ ਟਲ਼ਦੇ ਮਿਲ਼ੇ।
-----
ਹਕਾਮਾਂ ਦੇ ਰੂਪ ਬਦਲੇ, ਬਦਲੀਆਂ ਨਾ ਆਦਤਾਂ,
ਇਨਕਲਾਬੀ ਸੋਚ ਨੂੰ, ਪੈਰਾਂ ਤਲੇ ਦਲ਼ਦੇ ਮਿਲ਼ੇ।
-----
‘ਮੈਂ ਤੁਹਾਡਾ ਦਾਸ ਹਾਂ’, ਸਭ ਆਖਦੇ ਲੀਡਰ ਸਦਾ,
ਪੈਰ ਫੜ ਕੇ, ਜੋੜ ਕੇ ਹੱਥ, ਹਰ ਦਫ਼ਾ ਛਲ਼ਦੇ ਮਿਲ਼ੇ।
-----
ਖਾ ਸਕੇ ਨਾ ਲੋਕ ਸਭ, ਰੋਟੀ ਕਦੇ ਵੀ ਪੇਟ ਭਰ,
ਪਰ ਸਟੋਰਾਂ ਵਿੱਚ ਦਾਣੇ, ਸੜਦੇ ਤੇ, ਗਲ਼ਦੇ ਮਿਲ਼ੇ।
-----
ਤੁਰ ਪਏ ਕੁਝ ਸਿਰ-ਫਿਰੇ ਜਦ ਸੇਧ ਕੇ ਮੰਜ਼ਿਲ ਦੀ ਸੇਧ,
ਲੋਕ ਉਨ੍ਹਾਂ ਦੇ ਨਾਲ਼ ਬਣ ਬਣ ਕਾਫ਼ਿਲੇ ਰਲ਼ਦੇ ਮਿਲ਼ੇ।
-----
ਸਮਝਿਆ ‘ਮਹਿਰਮ’ ਜਦੋਂ ਮੈਂ ਰਹਿਬਰਾਂ ਦਾ ਫ਼ਲਸਫ਼ਾ,
ਜ਼ਿੰਦਗੀ ਵਿੱਚ ਰੌਸ਼ਨੀ ਦੇ ਦੀਪ ਹੀ ਬਲ਼ਦੇ ਮਿਲ਼ੇ।
|
|
19 Jul 2010
|
|
|
ਗਜ਼ਲ - ਜਸਵਿੰਦਰ ਮਹਿਰਮ |
ਰਹਿਬਰਾਂ ਦਾ ਵਣਜ ਹੈ ਹੁਣ ਹਰ ਤਰਾਂ ਦੇ ਜ਼ਹਿਰ ਦਾ | ਤੜਫਦਾ ਮਿਲਦੈ ਤਦੇ ਹਰ ਸਖ਼ਸ਼ ਮੇਰੇ ਸ਼ਹਿਰ ਦਾ |
ਚੋਰ - ਡਾਕੂ ਜਿਸ ਤਰਾਂ ਸਰਗਰਮ ਨੇ ਹੁਣ ਰਾਤ - ਦਿਨ , ਖ਼ੌਫ ਨੇ ਲੋਕਾਂ ਦਾ ਲੁੱਟਿਆ ਚੈਨ ਅੱਠੇ ਪਹਿਰ ਦਾ |
ਆੜ ਲੈ ਕੇ ਧਰਮ ਦੀ ਨਾ ਖੇਡ ਖੂਨੀ ਹੋਲੀਆਂ , ਹਰ ਕਿਸੇ ਨੂੰ ਸੇਕ ਲੱਗਦੈ, ਬੇਵਜ੍ਹਾ ਇਸ ਕਹਿਰ ਦਾ |
ਤੂੰ ਸਮੁੰਦਰ ਦਾ ਨਜ਼ਾਰਾ ਦੇਖਣਾ ਤਾਂ ਦੇਖ , ਪਰ , ਨਾ ਕਿਨਾਰੇ ਕੋਲ ਜਾਵੀਂ , ਕੀ ਭਰੋਸਾ ਲਹਿਰ ਦਾ |
ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ , ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ |
ਦੇਖ ਸੁੱਕੀ ਨਹਿਰ ਕਰਦੇ ਨੇ ਵਿਚਾਰਾਂ ਬਿਰਖ ਵੀ , ਇਸ ਤਰਾਂ ਪਹਿਲਾਂ ਕਦੇ ਰੁੱਸਿਆ ਨਈਂ ਪਾਣੀ ਨਹਿਰ ਦਾ |
ਕੀ ਗ਼ਜ਼ਲ ਦੇ ਐਬ ਦੇਖੂ , ਕੀ ਉਹ ਜਾਣੂ ਖ਼ੂਬੀਆਂ ? ਜੋ ਨਿਯਮ ਹੀ ਜਾਣਦਾ ਨਈਂ ਰੁਕਨ ਦਾ ਜਾਂ ਬਹਿਰ ਦਾ |
ਜਾਣਦਾ ਹਾਂ ਤੂੰ ਬੜਾ ਮਸਰੂਫ਼ ਰਹਿਨੈ ' ਮਹਿਰਮਾ ', ਪਰ ਕਦੇ ਤਾਂ ਵਕਤ ਕੱਢ ਲੈ , ਕੁਝ ਦਿਨਾਂ ਦੀ ਠਹਿਰ ਦਾ |
ਬਹਿ ਨਾ ' ਮਹਿਰਮ ' ਬੇਧਿਆਨਾ , ਸਾਂਭ ਗਠੜੀ ਆਪਣੀ , ਆ ਰਿਹੈ ਤੂਫ਼ਾਨ ਚੜ੍ਹ ਕੇ , ਹੈ ਇਸ਼ਾਰਾ ਗਹਿਰ ਦਾ |
|
|
19 Jul 2010
|
|
|
|
|
|
|
|
|
|
 |
 |
 |
|
|
|