|
ਗ਼ਜ਼ਲ - Jasvinder Mehram |
ਉਦੇ ਕੋਲੋਂ ਮੇਰੀ ਕੋਈ, ਖੁਸ਼ੀ, ਦੇਖੀ ਨਹੀਂ ਜਾਂਦੀ ਮਗਰ ਮੈਥੋਂ ਉਦੀ ਕੋਈ, ਗ਼ਮੀ, ਦੇਖੀ ਨਹੀਂ ਜਾਂਦੀ ਉਦੀ ਬਣਦੀ ਨਹੀਂ ਦੇਖੀ, ਕਿਸੇ ਦੇ ਨਾਲ ਅੱਜ ਤਕ ਮੈਂ, ਉਦੇ ਕੋਲੋਂ ਕਿਸੇ ਦੀ ਵੀ , ਬਣੀ , ਦੇਖੀ ਨਹੀਂ ਜਾਂਦੀ ਕਦੇ ਸੁੱਖ ਪਾ ਨਹੀਂ ਸਕਦੇ ਉਹ ਲੜਕੇ ਤੋਂ ਜਿਨ੍ਹਾਂ ਕੋਲੋਂ , ਬਹੂ ਦੇ ਪੇਟ ਵਿਚ ਪਲਦੀ , ਕੁੜੀ, ਦੇਖੀ ਨਹੀਂ ਜਾਂਦੀ ਵਜਾਉਂਦਾ ਢੋਲ ਹੈ ਹਾਕਮ , ਭਲਾ ਕਿਸਦੀ ਤਰੱਕੀ ਦਾ , ਜੋ ਹਾਲਤ ਹੈ ਗ਼ਰੀਬਾਂ ਦੀ , ਸੁਣੀ-ਦੇਖੀ ਨਹੀਂ ਜਾਂਦੀ ਬੜਾ ਸੜੀਅਲ ਸੁਭਾਅ ਰੱਖਦਾ ਹੈ ਮਾਰੂਥਲ ਉਦੇ ਕੋਲੋਂ, ਵਗੇ ਭਰਕੇ ਕੋਈ ਦਰਿਆ - ਨਦੀ , ਦੇਖੀ ਨਹੀਂ ਜਾਂਦੀ ਪਰਾਈ ਆਖ ਕੇ ਐਵੇਂ , ਬਹੂ ਨੂੰ ਨਾ ਸਤਾ ਏਨਾ , ਕਿਸੇ ਤੋਂ ਧੀ ਕਦੇ ਅਪਣੀ, ਦੁਖੀ , ਦੇਖੀ ਨਹੀਂ ਜਾਂਦੀ ਪੁਰਾਣੇ ਛੇੜ ਕੇ ਕਿੱਸੇ , ਕਲਾ ਸੁੱਤੀ ਜਗਾਉਂਦੈ ਉਹ , ਮੇਰੀ ਹਾਲਤ ਜਦੋਂ ਚੰਗੀ - ਭਲੀ, ਦੇਖੀ ਨਹੀਂ ਜਾਂਦੀ ਮੁਹੱਬਤ ਕਰ ਤੂੰ ਬਸ ਏਨੀ , ਕਿ ਸਾਰੀ ਉਮਰ ਨਿਭ ਜਾਵੇ, ਮੁਹੱਬਤ ਵਿਚ ਜਦੋਂ ਰੜਕੇ , ਕਮੀ , ਦੇਖੀ ਨਹੀਂ ਜਾਂਦੀ ਜੁਦਾ ਹੁੰਦਿਆਂ ਕਦੇ ਤਾਂ ਮੁਸਕਰਾਕੇ ਕਰ ਵਿਦਾ ਮੈਨੂੰ , ਤੇਰੇ ਨੈਣਾਂ 'ਚ ਹਰ ਵਾਰੀ , ਨਮੀ , ਦੇਖੀ ਨਹੀਂ ਜਾਂਦੀ ਉਹ ਵੈਸੇ ਦਮ ਬੜਾ ਭਰਦੈ , ਹਿਤੈਸ਼ੀ ਹੋਣ ਦਾ ' ਮਹਿਰਮ ', ਉਹ ਰੱਖਦਾ ਹੈ ਜਿਵੇਂ ਦਿਲ ਵਿਚ , ਬਦੀ , ਦੇਖੀ ਨਹੀਂ ਜਾਂਦੀ
|
|
03 Jan 2011
|