ਅੱਜ ਜਦੋਂ ਮੈਂ ਸਵੇਰੇ ਜਾਗਿਆ ਤਾ ਮੈਨ੍ਹ ਮੇਰੇ ਪਿੰਡ ਦੀ ਸੱਥ (ਜਾਂ ਕਹਿ ਲੀਏ ਓਹ ਥਾਂ ਜਿਥੇ ਅਸੀਂ ਖੇਡਦੇ ਹੁੰਦੇ ਸੀ , ਕਿਉਂਕਿ ਇਹ ਸਾਡੇ ਬਾਰ ਦੇ ਬਿਲਕੁਲ ਸਾਹਮਣੇ ਸੀ ਤੇ ਹੁਣ ਵੀ ਹੈ ) ਬੜੀ ਯਾਦ ਆਈ..........ਫੇਰ ਕੁਝ ਗੱਲਾਂ ਯਾਦ ਆਈਆਂ ਜੋ ਆਪ ਸਭ ਨਾਲ ਸਾਂਝਿਆ ਕਰ ਰਿਹਾ .....
ਕਿਸੇ ਦੀਆਂ ਇੱਟਾਂ ਆਈਆਂ, ਚੱਠਾ ਬਾਰ 'ਚ ਲਾ ਦਿੱਤਾ,
ਸੀ ਮਾਲਕ ਬਣਕੇ ਓਹਨਾ ਦਾ, ਆਪਾਂ ਭੱਠਾ ਲਾ ਦਿੱਤਾ,
ਸਾਰੀਆਂ ਇੱਟਾ ਚੁੱਕ ਕੇ, ਇਧਰ-ਉਧਰ ਸੁੱਟ ਦਿੱਤੀਆਂ ,
ਨਾਲੇ ਝਿੜਕਾਂ ਪਈਆਂ, ਨਾਲੇ ਪਈਆਂ ਸਨ ਜੁੱਤੀਆਂ,
ਇੱਟਾਂ ਨੂੰ ਫੇਰ 'ਕਠਾ ਕਰਕੇ , ਚੱਠਾ ਤਾਂ ਲਾ ਦਿੱਤਾ,
'ਕਠਿਆ ਹੋ ਕੇ ਯਾਰਾਂ ਨੇ, ਇੱਕ ਟਰੱਕ ਬਣਾ ਦਿੱਤਾ,
ਇੱਕ ਪਾਸੇ ਇੱਕ ਡੰਡਾ ਲਾ ਕੇ, ਗੇਅਰ ਲਾ ਲਿਆ ਸੀ ,
ਤਿੰਨ ਇੱਟਾਂ ਨੂੰ ਟੇਡਿਆ ਲਾ ਕੇ, ਪੈਡਲ ਲਾ ਲਿਆ ਸੀ,
ਪੱਲੀ ਉੱਤੇ ਪਾ ਕੇ ਸੋਹਨਾ, ਕੈਬਿਨ ਸਜਾ ਲਿਆ ਸੀ,
ਟੁੱਟੀ ਸੈਕਲੀ ਦਾ ਪਹੀਆ , ਸਟੇਰਿੰਗ ਲਾ ਲਿਆ ਸੀ,
ਗੱਡੀ ਸਟਾਰਟ ਨਾ ਹੋਵੇ , ਬੜਾ ਧੱਕਾ ਲਾਇਆ ਸੀ ,
ਟੱਸ ਤੋਂ ਮੱਸ ਨਾ ਹੋਈ , ਬੇਲੀ ਰਹਿਗੇ ਥੋੜੇ ਸੀ,
ਕਿਉਂ? ਡ੍ਰੇਵਰ ਬਣਨ ਨੂੰ, ਕਈਆਂ ਦੇ ਮੂੰਹ ਚੌੜੇ ਸੀ,
ਸਭ ਤੋਂ ਮੋਹਰੀ ਬਣਕੇ , ਸੀਟ ਉੱਤੇ ਚੜ ਬੈਠੇ ,
ਲਾਟੂ ਖਲਾਸੀ ਮੰਨਿਆ, ਅਸੀਂ ਕੋਕੇ ਜੜ ਦਿੱਤੇ,
ਖਲਾਸੀ ਪਿਛਲੇ ਟੈਰਾਂ ਨੂੰ ਜੈੱਕ ਲੁਆਇਆ ਸੀ,
ਰਾੜ ਨਾਲ ਫੇਰ ਚੱਕਾ, ਪੂਰੀ ਤੇਜ ਘੁਮਾਇਆ ਸੀ ,
ਪਾ ਗੇਅਰ ਵਿਚ ਗੱਡੀ , ਅਸੀਂ ਸਟਾਰਟ ਕਰ ਦਿੱਤੀ,
ਜਾ ਗੋਬਿੰਦਗੜ ਤੋਂ ਅਸੀਂ , ਸਕਰੈਪ ਦੀ ਭਰ ਲਿੱਤੀ ,
ਭਰਕੇ ਮੁੜਿਆ ਆਉਂਦੇ , ਇੱਕ ਟਾਇਰ ਬੋਲ ਗਿਆ,
ਕੰਮ ਨਾ ਭਾਈ ਸੁਖਾਲਾ , ਮੇਰੇ ਕੰਨ 'ਚ ਬੋਲ ਗਿਆ,
ਦਰਵਾਜੇ ਵਾਲੀਏ ਸੇਠ ਤੋਂ, ਟਾਇਰਾਂ ਦੀ ਮੰਗ ਕੀਤੀ,
ਉਧਾਰ ਮੰਗਣ ਵਿਚ ਫੇਰ, ਅਸੀਂ ਨਾ ਭੋਰਾ ਸੰਗ ਕੀਤੀ,
ਟਾਇਰ ਲਾ ਦੇ ਤੂੰ ਇੱਕ ਵਾਰ, ਸਾਨੂੰ ਗੱਡੀ ਚਲਾਵਣ ਦੇ,
ਜੋ ਭਰੀ ਖੜੀ ਆ ਓਹਨੂੰ ਤਾਂ , ਖਾਲੀ ਕਰ ਆਵਣ ਦੇ ,
ਆ ਕੇ ਨਾਲ ਤੇਰੇ , ਫੇਰ ਮਹਿਫਲ ਲਾਵਾਂਗੇ ,
ਨਾਲੇ ਦੂਜੀ ਜੋੜੀ ਵੀ , ਤੈਥੋਂ ਹੀ ਚੜ੍ਵਾਵਾਂਗੇ,
ਤੜਕੇ ਉਠਕੇ ਗੱਡੀ ਨੂੰ , ਧੂਫ-ਬੱਤੀ ਲਾਉਂਦੇ ਸੀ,
ਦਾਤੇ ਦੀਆਂ ਦਾਤਾਂ ਦਾ, ਬੜਾ ਸ਼ੁਕਰ ਮਨਾਉਂਦੇ ਸੀ,
ਐਥੋਂ ਭਰਦੇ ਓਥੇ ਜਾਂਦੇ, ਖਾਲੀ ਕਰ ਆਉਂਦੇ ਸੀ,
ਸੜਕਾਂ ਉੱਤੇ ਫੇਰ ਅਸੀਂ ਫਿਰਦੇ ਗਾਹ ਪਾਉਂਦੇ ਸੀ,
ਹੌਲੀ-ਹੌਲੀ ਗੱਡੀ ਸਾਡੀ , ਆ ਗਈ ਲੀਹ 'ਤੇ ਜੀ,
ਭਰੀ ਗੱਡੀ ਵੀ ਜਾਂਦੀ ਸੀ, ਹੁਣ 120 'ਤੇ ਜੀ,
ਭਰ -ਭਰ ਖਾਲੀ ਕਰਦੇ , ਲਾਈ ਜਾਂਦੇ ਗੇੜੇ ਸੀ,
ਭੁਖ ਪਿਆਸ ਨਾ ਆਉਂਦੀ, ਹੁੰਦੀ ਸਾਡੇ ਨੇੜੇ ਸੀ,
ਚਲੋ-ਚਲੀ ਵਿਚ ਰਹਿੰਦੇ ਅਸੀਂ , ਫੱਕਰ ਅਖਵਾਉਂਦੇ ਸੀ,
ਇੱਕੋ ਦਿਨ ਵਿਚ ਕਈ ਸਟੇਟਾਂ ਦੇ ਚੱਕਰ ਕੱਟ ਲਾਉਂਦੇ ਸੀ,
ਨੋਟਾਂ ਦੇ ਨਾਲ ਜੇਬਾਂ-ਖੀਸੇ , ਭਰ ਕੇ ਲਿਆਉਂਦੇ ਸੀ,
ਓ ..ਘਰ ਬੈਠੇ ਹੀ ਸਾਰਾ ਭਾਰਤ, ਘੁੰਮ-ਫਿਰ ਆਉਂਦੇ ਸੀ,
ਪੜਦੇ ਲਿਖਦੇ ਸੋਚਦੇ ਸੀ, ਆਪਾਂ ਬਾਹਰ ਨੂੰ ਜਾਵਾਂਗੇ,
ਪਰ ਨਹੀਂ ਸੀ ਸੋਚਿਆ, ਇਥੇ ਓਹੀ ਟਰੱਕ ਚਲਾਵਾਂਗੇ,
ਬਰਾੜ 'ਜੱਸ' ਹੁਣ ਆ ਕੇ, ਵਿੱਚ ਕਨੇਡਾ ਰਹਿੰਦਾ ਏ,
ਤਰਵੰਜਾ ਫੁੱਟਾ ਚਲਾਵੇ , ਵਿੱਚ ਕੈਬਿਨ ਦੇ ਸੌਂਦਾ ਏ,
ਤਰਵੰਜਾ ਫੁੱਟਾ ਚਲਾਵੇ , ਵਿੱਚ ਕੈਬਿਨ ਦੇ ਸੌਂਦਾ ਏ ||
ਜੱਸ ਬਰਾੜ ........03032011